ਪਾਕਿ : ਇਮਰਾਨ ਖਾਨ ਨੇ ਲਗਵਾਇਆ ਕੋਰੋਨਾ ਟੀਕਾ, ਦੇਸ਼ ਦੇ ਕਈ ਹਿੱਸਿਆਂ ''ਚ ਲਗਾਈ ''ਸਮਾਰਟ ਤਾਲਾਬੰਦੀ''
Friday, Mar 19, 2021 - 05:53 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸੁਰੱਖਿਆ ਦੇ ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ ਹੈ। 67 ਸਾਲ ਦੇ ਇਮਰਾਨ ਖਾਨ ਨੇ ਦੇਸ਼ ਵਿਚ ਜਾਰੀ ਟੀਕਾਕਾਰਨ ਮੁਹਿੰਮ ਦੌਰਾਨ ਵੈਕਸੀਨ ਲਗਵਾਈ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਦੇਸ਼ ਦੇ ਕਈ ਇਲਾਕਿਆਂ ਵਿਚ ਸਮਾਰਟ ਤਾਲਾਬੰਦੀ ਦਾ ਐਲਾਨ ਕੀਤਾ ਸੀ।
ਚੀਨ ਤੋਂ ਦਾਨ ਵਿਚ ਮਿਲੀ ਵੈਕਸੀਨ ਦੀ ਖੁਰਾਕ ਨਾਲ ਇਮਰਾਨ ਸਰਕਾਰ ਆਪਣਾ ਟੀਕਾਕਰਣ ਪ੍ਰੋਗਰਾਮ ਵੀ ਸਹੀ ਢੰਗ ਨਾਲ ਨਹੀਂ ਚਲਾ ਪਾ ਰਹੀ। ਅਸਲ ਵਿਚ ਚੀਨ ਤੋਂ ਹੁਣ ਤੱਕ ਤਿੰਨ ਕਿਸ਼ਤਾਂ ਵਿਚ ਮਿਲੀ ਵੈਕਸੀਨ ਦੀਆਂ ਜ਼ਿਆਦਾਤਰ ਖੁਰਾਕਾਂ ਸਰਕਾਰ, ਸੈਨਾ ਅਤੇ ਕਾਰੋਬਾਰੀ ਤੇ ਰਾਜਨੀਤਕ ਪਾਰਟੀਆਂ ਵਿਚ ਬੈਠੇ ਲੋਕਾਂ ਨੂੰ ਦਿੱਤੀ ਗਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਸੀਮਤ ਮਾਤਰਾ ਵਿਚ ਹੀ ਵੈਕਸੀਨ ਮਿਲ ਪਾਈ ਹੈ।
ਪਾਕਿਸਤਾਨ ਵਿਚ ਵਧੇ ਮਾਮਲੇ
ਦੁਨੀਆ ਦੇ ਹੋਰ ਦੇਸ਼ਾਂ ਵਾਂਗ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਸੰਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਮਰਾਨ ਸਰਕਾਰ ਦੀ ਲਾਪਰਵਾਹੀ ਕਾਰਨ ਇੱਥੇ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈਕੇ ਜਾਗਰੂਕਤਾ ਦੀ ਕਮੀ ਦੇਖੀ ਜਾ ਰਹੀ ਹੈ। ਲੋਕ ਰੋਜ਼ਾਨਾ ਵੱਡੀ ਗਿਣਤੀ ਵਿਚ ਬਾਜ਼ਾਰਾਂ ਅਤੇ ਮਸਜਿਦਾਂ ਵਿਚ ਇਕੱਠੇ ਹੋ ਰਹੇ ਹਨ। ਇਸ ਦੌਰਾਨ ਸਮਾਜਿਕ ਦੂਰੀ ਅਤੇ ਮਾਸਕ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇਹਨਾਂ ਇਲਾਕਿਆਂ ਵਿਚ ਸਮਾਰਟ ਤਾਲਾਬੰਦੀ
ਪੰਜਾਬ ਸੂਬੇ ਦੇ ਸਿਹਤ ਮੰਤਰੀ ਯਾਸਮੀਨ ਰਸ਼ੀਦ ਨੇ ਕਿਹਾ ਕਿ ਗੁਜਰਾਤ, ਸਿਆਲਕੋਟ ਅਤੇ ਹਾਫਿਜ਼ਾਬਾਦ ਵਿਚ ਤਾਲਾਬੰਦੀ ਲਗਾਈ ਗਈ ਹੈ। ਉਹਨਾਂ ਨੇ ਦੱਸਿਆ ਕਿ ਗੁਜਰਾਤ ਵਿਚ 30 ਮਾਰਚ ਤੱਕ, ਸਿਆਲਕੋਟ ਵਿਚ 24 ਮਾਰਚ ਤੱਕ ਅਤੇ ਹਾਫਿਜ਼ਾਬਾਦ ਵਿਚ 26 ਮਾਰਚ ਤੱਕ ਤਾਲਾਬੰਦੀ ਲਾਗੂ ਰਹੇਗੀ। ਸਮਾਰਟ ਤਾਲਾਬੰਦੀ ਵਾਲੇ ਇਲਾਕਿਆਂ ਵਿਚ ਸਾਰੇ ਬਾਜ਼ਾਰ, ਸ਼ਾਪਿੰਗ ਮਾਲ, ਦਫਤਰ ਅਤੇ ਰੈਸਟੋਰੈਂਟ ਬੰਦ ਰਹਿਣਗੇ ਪਰ ਸਬਜ਼ੀਆਂ ਦੀਆਂ ਦੁਕਾਨਾਂ, ਹਸਪਤਾਲ, ਦਵਾਈ ਦੀਆਂ ਦੁਕਾਨਾਂ, ਬੇਕਰੀ, ਮਾਂਸ ਅਤੇ ਦੁੱਧ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਪਹਿਲੀ ਵਾਰ ਆਹਮੋ-ਸਾਹਮਣੇ ਅਮਰੀਕਾ ਅਤੇ ਚੀਨ
ਯੋਜਨਾ ਮੰਤਰੀ ਨੇ ਦਿੱਤੀ ਚਿਤਾਵਨੀ
ਯੋਜਨਾ ਮੰਤਰੀ ਅਤੇ ਮਹਾਮਾਰੀ ਲਈ ਰਾਸ਼ਟਰੀ ਕਮਾਂਡ ਅਤੇ ਕੰਟਰੋਲ ਕੇਂਦਰ ਦੇ ਪ੍ਰਮੁੱਖ ਅਸਦ ਉਮਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਿਆਰੀ ਓਪਰੇਟਿੰਗ ਵਿਧੀ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ ਤਾਂ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਸਕਦੀਆਂ ਹਨ। ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਵਿਚ ਚੀਨ ਤੋਂ ਭੇਜੇ ਗਏ ਸਿਨੋਫਾਰਮ ਟੀਕੇ ਦੀ ਖੇਪ ਬੁੱਧਵਾਰ ਨੂੰ ਪਾਕਿਸਤਾਨ ਪਹੁੰਚੀ। ਪਾਕਿਸਤਾਨ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦੇਸ਼ ਮਹਾਮਾਰੀ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।
ਪਾਕਿਸਤਾਨ ਵਿਚ ਮਾਮਲੇ
ਅਧਿਕਾਰਤ ਅੰਕੜਿਆਂ ਮੁਤਾਬਕ ਪਾਕਿਸਤਾਨ ਵਿਚ ਤਿੰਨ ਮਹੀਨੇ ਬਾਅਦ ਵੀਰਵਾਰ ਨੂੰ ਇਕ ਦਿਨ ਵਿਚ ਇਨਫੈਕਸ਼ਨ ਦੇ ਸਭ ਤੋਂ ਵੱਧ 3495 ਮਾਮਲੇ ਸਾਹਮਣੇ ਆਏ ਅਤੇ ਕੁੱਲ ਮਾਮਲੇ ਵੱਧ ਕੇ 615,810 ਹੋ ਗਏ, ਜਿਸ ਮਗਰੋਂ ਹਾਲ ਹੀ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟੇ ਵਿਚ ਕੋਵਿਡ-19 ਨਾਲ 61 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 13,717 ਹੋ ਗਈ। ਇਸ ਦੇ ਨਾਲ ਹੀ 2062 ਹੋਰ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨੋਟ- ਇਮਰਾਨ ਖਾਨ ਨੇ ਲਗਵਾਇਆ ਕੋਰੋਨਾ ਟੀਕਾ, ਦੇਸ਼ ਦੇ ਕਈ ਹਿੱਸਿਆਂ 'ਚ ਲਗਾਈ 'ਸਮਾਰਟ ਤਾਲਾਬੰਦੀ',ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।