ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਰਾਸ਼ਟਰ ਨੂੰ ਕੀਤਾ ਸੰਬੋਧਿਤ

08/20/2018 1:42:03 AM

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਕਰਜ਼ਾ ਸੰਕਟ ਲਈ ਸਾਬਕਾ ਅਤੇ ਵਿਰੋਧੀ ਪਾਰਟੀ ਪੀ. ਐੱਮ. ਐੱਲ.-ਐੱਨ. ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਖਿਆ ਕਿ ਆਪਣੇ ਸਮੂਚੇ ਇਤਿਹਾਸ 'ਚ ਦੇਸ਼ ਕਦੇ ਵੀ ਇੰਨੇ ਕਰਜ਼ੇ ਦੇ ਬੋਝ ਹੇਠ ਨਹੀਂ ਆਇਆ, ਜਿੰਨਾ ਪਿਛਲੇ 10 ਸਾਲਾ ਦੌਰਾਨ ਆ ਗਿਆ ਹੈ। ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣ ਤੋਂ ਬਾਅਦ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ 'ਚ ਖਾਨ ਨੇ ਪਾਕਿਸਤਾਨ ਦੀਆਂ ਆਰਥਿਕ ਚੁਣੌਤੀਆਂ ਨੂੰ ਨਿਸ਼ਾਨਬੱਧ ਕੀਤਾ ਅਤੇ ਸਿਹਤ ਦੇਖਭਾਲ ਦੇ ਖੇਤਰ 'ਚ ਕਮੀਆਂ ਦਾ ਜ਼ਿਕਰ ਕੀਤਾ।


ਉਨ੍ਹਾਂ ਆਖਿਆ ਕਿ ਪਾਕਿਸਤਾਨ ਦੇ ਇਤਿਹਾਸ 'ਚ ਅਸੀਂ ਇਸ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਦੇ ਨਹੀਂ ਕੀਤਾ। ਸਾਡਾ ਕਰਜ਼ ਬੋਝ 28 ਹਜ਼ਾਰ ਅਰਬ ਰੁਪਏ ਦਾ ਹੈ। ਆਪਣੇ ਸਮੂਚੇ ਇਤਿਹਾਸ 'ਚ ਅਸੀਂ ਇੰਨੇ ਕਰਜ਼ਾਈ ਨਹੀਂ ਹੋਏ, ਜਿੰਨਾ ਅਸੀਂ ਪਿਛਲੇ 10 ਸਾਲਾ 'ਚ ਹੋ ਗਏ। ਖਾਨ ਨੇ ਆਖਿਆ ਕਿ ਸਾਡੇ ਕਰਜ਼ 'ਤੇ ਜੋ ਬਿਆਜ ਸਾਨੂੰ ਦੇਣਾ ਹੈ ਉਹ ਇਸ ਪੱਧਰ ਤੱਕ ਪਹੁੰਚ ਗਿਆ ਹੈ ਕਿ ਸਾਨੂੰ ਆਪਣੇ ਦੇਣਦਾਰੀਆਂ ਦਾ ਭੁਗਤਾਨ ਕਰਨ ਲਈ ਹੋਰ ਕਰਜ਼ ਲੈਣਾ ਹੋਵੇਗਾ ਅਤੇ ਸਾਨੂੰ ਇਸ ਗੱਲ 'ਤੇ ਵਿਚਾਰ ਕਰਨਾ ਹੈ ਕਿ ਅਸੀਂ ਕਿਵੇਂ ਉਸ ਨਾਲ ਨਜਿੱਠੀਏ।


ਉਨ੍ਹਾਂ ਆਖਿਆ ਕਿ ਇਕ ਪਾਸੇ ਅਸੀਂ ਕਾਫੀ ਕਰਜ਼ਾਈ ਹਾਂ ਅਤੇ ਦੂਜੇ ਪਾਸੇ ਸਾਡਾ ਮਨੁੱਖੀ ਵਿਕਾਸ ਸੂਚਕ ਬੇਹੱਦ ਖਰਾਬ ਹੈ। ਉਨ੍ਹਾਂ ਕਿਹਾ ਕਿ ਸਾਡੇ ਇਥੇ ਗਰਭਪਤੀ ਔਰਤਾਂ ਦੀ ਮੌਤ ਦਰ ਸਭ ਤੋਂ ਜ਼ਿਆਦਾ ਹੈ। ਬਦਕਿਸਮਤੀ ਨਾਲ ਅਸੀਂ ਉਨ੍ਹਾਂ ਦੇਸ਼ਾਂ 'ਚੋਂ ਇਕ ਹਾਂ ਜਿੱਥੇ ਬੱਚੀਆਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ। ਅਸੀਂ ਇਸ ਦੇਸ਼ ਦੇ 45 ਫੀਸਦੀ ਬੱਚਿਆਂ ਦੇ ਬਾਰੇ 'ਚ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਖੁਰਾਕ ਨਹੀਂ ਮਿਲ ਰਹੀ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਵਿਕਾਸ ਨਹੀਂ ਹੋ ਰਿਹਾ। ਆਪਣੇ ਬੱਚਿਆਂ ਦੀ ਅਜਿਹੀ ਹਾਲਤ ਦੇਖ ਕੇ ਉਨ੍ਹਾਂ ਦੇ ਮਾਤਾ-ਪਿਤਾ 'ਤੇ ਕੀ ਬਤੀਤ ਰਹੀ ਹੋਵੇਗੀ। ਉਨ੍ਹਾਂ ਨੇ ਪਾਕਿਸਤਾਨ ਦੀ ਜਨਤਾ ਤੋਂ ਅਪੀਲ ਕੀਤੀ ਕਿ ਉਹ ਗਰੀਬੀ ਦਰ ਘਟਾਉਣ, ਸਿਹਤ ਦੇਖਭਾਲ ਸੁਵਿਧਾ ਨੂੰ ਸੁਧਾਰਣ ਅਤੇ ਬੱਚਿਆਂ ਨੂੰ ਉੱਚ ਖੁਰਾਕ ਪ੍ਰਦਾਨ ਕਰਨ 'ਚ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ।


Related News