ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਟੈਰਿਫ ਲਾਉਣਾ ਕੋਈ ਸੌਖਾ ਕੰਮ ਨਹੀਂ : ਟਰੰਪ
Saturday, Sep 13, 2025 - 12:25 PM (IST)

ਵਾਸ਼ਿੰਗਟਨ (ਇੰਟ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਟੈਰਿਫ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਇਸ ਨਾਲ ਭਾਰਤ ਨਾਲ ਮੱਤਭੇਦ ਪੈਦਾ ਹੁੰਦੇ ਹਨ। ਜਦੋਂ ਟਰੰਪ ਨੂੰ ਇਕ ਇੰਟਰਵਿਊ ਵਿਚ ਪੁੱਛਿਆ ਗਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਸ਼ਿਕੰਜਾ ਕੱਸਣ ਦਾ ਕੀ ਮਤਲਬ ਹੈ ਤਾਂ ਉਨ੍ਹਾਂ ਕਿਹਾ ਕਿ ਦੇਖੋ ਭਾਰਤ ਉਨ੍ਹਾਂ ਦਾ ਸਭ ਤੋਂ ਵੱਡਾ ਗਾਹਕ ਸੀ। ਮੈਂ ਭਾਰਤ ’ਤੇ 50 ਫੀਸਦੀ ਟੈਰਿਫ ਲਾਇਆ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਹੈ। ਇਹ ਕੋਈ ਆਸਾਨ ਕੰਮ ਨਹੀਂ ਹੈ। ਇਹ ਇਕ ਵੱਡਾ ਸੌਦਾ ਹੈ ਅਤੇ ਇਹ ਭਾਰਤ ਨਾਲ ਮਤਭੇਦ ਪੈਦਾ ਕਰਦਾ ਹੈ ਪਰ ਮੈਂ ਇਹ ਪਹਿਲਾਂ ਹੀ ਕਰ ਚੁੱਕਾ ਹਾਂ। ਮੈਂ ਬਹੁਤ ਕੁਝ ਕੀਤਾ ਹੈ।
ਟਰੰਪ ਨੇ ਕਿਹਾ ਕਿ ਯਾਦ ਰੱਖੋ ਕਿ ਇਹ ਸਾਡੀ ਸਮੱਸਿਆ ਤੋਂ ਕਿਤੇ ਵੱਧ ਯੂਰਪ ਦੀ ਸਮੱਸਿਆ ਹੈ। ਟਰੰਪ ਨੇ ਆਪਣੇ ਦਾਅਵੇ ਨੂੰ ਵੀ ਦੁਹਰਾਇਆ ਕਿ ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਵਿਚ ਹੁਣ ਤਕ 7 ਵਿਵਾਦਾਂ ਨੂੰ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ 7 ਯੁੱਧਾਂ ਦਾ ਹੱਲ ਕੀਤਾ। ਮੈਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਕਈ ਯੁੱਧਾਂ ਦਾ ਹੱਲ ਕੀਤਾ ਪਰ ਵੱਡੇ ਯੁੱਧਾਂ ਦਾ ਵੀ, ਜਿਨ੍ਹਾਂ ਵਿਚੋਂ ਕੁਝ ਅਣਸੁਲਝੇ ਸਨ, ਜਿਵੇਂ ਕਿ ਕਾਂਗੋ ਅਤੇ ਰਵਾਂਡਾ। ਮੈਂ ਉਨ੍ਹਾਂ ਨੂੰ ਹੱਲ ਕੀਤਾ। ਇਹ 31 ਸਾਲਾਂ ਤੋਂ ਚੱਲ ਰਿਹਾ ਸੀ ਤੇ ਲੱਖਾਂ ਲੋਕ ਮਾਰੇ ਗਏ।