ਬਰਾਮਦ ਵਧਾਉਣ ਲਈ ਭਾਰਤੀ ਰਾਜਦੂਤਾਂ ਦੀ ਅਹਿਮ ਭੁਮਿਕਾ, ਅਮਰੀਕਾ ਨਾਲ 70 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ
Monday, Apr 04, 2022 - 09:28 AM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ)– ਵਿਦੇਸ਼ਾਂ ’ਚ ਭਾਰਤੀ ਦੂਤਘਰ ਦੇਸ਼ ਦੀ ਬਰਾਮਦ ਨੂੰ ਵਧਾਉਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਿਛਲੇ ਕੁਝ ਸਾਲਾਂ ’ਚ ਭਾਰਤੀ ਦੂਤਘਰਾਂ ਅਤੇ ਭਾਰਤ ਦੇ ਵਣਜ ਮੰਤਰਾਲੇ ਨੇ ਵਪਾਰ ਵਿਵਾਦਾਂ ਨੂੰ ਦੂਰ ਕਰਨ, ਵਪਾਰ ਸੌਦਿਆਂ ’ਤੇ ਗੱਲਬਾਤ ਕਰਨ ਅਤੇ ਬਰਾਮਦ ਪ੍ਰੋਤਸਾਹਨ ਪ੍ਰੋਗਰਾਮਾਂ ਦੇ ਆਯੋਜਨ ਲਈ ਮਿਲ ਕੇ ਕੰਮ ਕੀਤਾ ਹੈ। ਨਤੀਜੇ ਵਜੋਂ ਭਾਰਤ ਜਿਨ੍ਹਾਂ ਪੰਜ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਬਰਾਮਦ ਕਰ ਰਿਹਾ ਹੈ, ਉਸ ਸੂਚੀ ’ਚ ਅਮਰੀਕਾ ਟਾਪ ’ਤੇ ਪਹੁੰਚ ਗਿਆ ਹੈ। ਟਾਪ ਪੰਜ ਦੇਸ਼ਾਂ ’ਚ ਅਮਰੀਕਾ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ, ਚੀਨ, ਬੰਗਲਾਦੇਸ਼ ਅਤੇ ਨੀਦਰਲੈਂਡ ਸ਼ਾਮਲ ਹਨ। ਕੁੱਲ 400 ਅਰਬ ਡਾਲਰ ਦੀ ਬਰਾਮਦ ਬਾਸਕਿਟ ’ਚੋਂ ਕਰੀਬ 70 ਅਰਬ ਡਾਲਰ ਸੰਯੁਕਤ ਰਾਜ ਅਮਰੀਕਾ ਨੂੰ ਬਰਾਮਦ ਕੀਤਾ ਜਾਵੇਗਾ । ਅਸਲ ’ਚ ਵਿੱਤ ਸਾਲ 2022 ’ਚ ਸੰਯੁਕਤ ਰਾਜ ਅਮਰੀਕਾ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਬਰਾਮਦ ਮਾਤਰਾ ਹੋਵੇਗੀ । ਪਿਛਲੇ ਸਾਲ ਵਪਾਰ ਨੀਤੀ ਮੰਚ ਤੋਂ ਬਾਅਦ ਭਾਰਤ ਅਤੇ ਅਮਰੀਕਾ ਨੇ ਦੇਸ਼ ’ਚੋਂ ਅੰਬ ਅਤੇ ਅਨਾਰ ਦੀ ਬਰਾਮਦ ’ਤੇ ਇਕ ਸਮਝੌਤਾ ਕੀਤਾ ਹੈ।
ਕੇਂਦਰ ਸਰਕਾਰ ਦਾ ਯੋਗਦਾਨ ਅਹਿਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੌਰਾਨ ਹੀ ਮਿਸ਼ਨ ਆਤਮਨਿਰਭਰ ਭਾਰਤ ਦੇ ਤੌਰ ’ਤੇ ਦੁਨੀਆ ਭਰ ’ਚ ਸਾਰੇ ਹਿੱਤ ਧਾਰਕਾਂ ਨਾਲ ਸਿੱਧਾ ਸੰਵਾਦ ਕੀਤਾ। ਉਨ੍ਹਾਂ ਨੇ ਨਾ ਸਿਰਫ ਭਾਰਤੀ ਕਾਰੋਬਾਰੀਆਂ ਸਗੋਂ ਵਿਦੇਸ਼ ’ਚ ਮੌਜੂਦ ਭਾਰਤੀ ਰਾਜਦੂਤਾਂ ਨਾਲ ਵੀ ਆਪਣੇ ਵਿਜ਼ਨ ਦੇ ਬਾਰੇ ’ਚ ਗੱਲਬਾਤ ਕੀਤੀ । ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕਰੀਬ 200 ਦੇਸ਼ਾਂ ਜਾਂ ਥਾਵਾਂ ’ਚ ਹੋ ਰਹੇ ਕਾਰੋਬਾਰ ’ਤੇ ਉਨ੍ਹਾਂ ਦੀ ਸਿੱਧੀ ਨਜ਼ਰ ਸੀ। ਉਨ੍ਹਾਂ ਦੇ ਇਸ ਟੀਚੇ ਦੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਲਗਾਤਾਰ ਮਾਨੀਟਰਿੰਗ ਕਰਦੇ ਰਹੇ ਅਤੇ ਤਕਰੀਬਨ ਹਰ ਹਫ਼ਤੇ ਹੀ ਬਰਾਮਦ ਨਾਲ ਜੁਡ਼ੇ ਕਾਰੋਬਾਰੀਆਂ ਨਾਲ ਸੰਪਰਕ ਸਥਾਪਤ ਕਰ ਕੇ ਉਨ੍ਹਾਂ ਦੀਆਂ ਦਿੱਕਤਾਂ ਦਾ ਹੱਲ ਲੱਭਦੇ ਹਨ। ਇਸ ਟੀਚੇ ਨੂੰ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਭਾਰਤ ’ਚ ਇਸ ਨਾਲ ਜੁੜੀ ਸਮਰੱਥਾ ਵਾਲੇ ਸੂਬਿਆਂ ਦੀ ਪਛਾਣ ਕੀਤੀ ਗਈ। ਫਿਰ ਅਜਿਹੇ 480 ਜ਼ਿਲ੍ਹਿਆਂ ਨੂੰ ਵੀ ਬਰਾਮਦ ਨੈੱਟਵਰਕ ਨਾਲ ਜੋੜਿਆ ਗਿਆ, ਜਿਨ੍ਹਾਂ ਦੇ ਉਤਪਾਦਾਂ ਦੀ ਵਿਦੇਸ਼ਾਂ ’ਚ ਜ਼ਰੂਰਤ ਹੋਣ ਵਾਲੀ ਸੀ।
ਅਮਰੀਕਾ ’ਚ ਕਿਵੇਂ ਮਿਲੀ ਸਫ਼ਲਤਾ
ਅਮਰੀਕਾ ਨਾਲ ਭਾਰਤ ਦੇ ਵਪਾਰਕ ਸਬੰਧਾਂ ਬਾਰੇ ਗੱਲ ਕਰਦੇ ਹੋਏ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਕਿਹਾ ਕਿ ਰਵਾਇਤੀ ਖੇਤਰਾਂ ਜਿਵੇਂ ਪਹਿਰਾਵਾ, ਕੀਮਤੀ ਪੱਥਰਾਂ ਅਤੇ ਸਮੁੰਦਰੀ ਉਤਪਾਦਾਂ ਤੋਂ ਇਲਾਵਾ ਅਮਰੀਕਾ ’ਚ ਭਾਰਤ ਦੀ ਬਰਾਮਦ ’ਚ ਫਾਰਮਾਸਿਊਟੀਕਲ ਇਲੈਕਟ੍ਰੋਨਿਕਸ ਵਰਗੇ ਅਤੇ ਨਵੇਂ ਖੇਤਰਾਂ ਨੂੰ ਸ਼ਾਮਲ ਕਰਨ ਲਈ ਵਿਸਥਾਰ ਹੋਇਆ ਹੈ। ਭਾਰਤ ਬਰਾਮਦ ’ਚ ਇਤਿਹਾਸਕ ਉਚਾਈ ’ਤੇ ਪਹੁੰਚ ਗਿਆ ਹੈ। ਸੰਧੂ ਦੱਸਦੇ ਹਨ ਕਿ ਪ੍ਰਮੁੱਖ ਅਮਰੀਕੀ ਸੀ. ਈ. ਓ. ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਹ ਭਾਰਤ ਨਾਲ ਆਪਣੇ ਸੋਮਿਆਂ ਅਤੇ ਨਿਵੇਸ਼ ਵਧਾਉਣ ਲਈ ਅੱਗੇ ਆ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਪੀ. ਐੱਮ. ਨਰਿੰਦਰ ਮੋਦੀ ਦੇ ਆਤਮ ਨਿਰਭਰਤਾ ਅਤੇ ਮੇਕ ਇਨ ਇੰਡੀਆ ਨਜ਼ਰੀਏ ਦੇ ਅਨੁਸਾਰ ਹੈ। ਸੰਯੁਕਤ ਰਾਜ ’ਚ ਭਾਰਤੀ ਦੂਤਘਰ ਨੇ ਭਾਰਤੀ ਬਰਾਮਦਕਾਰਾਂ ਦੇ 15 ਹਜ਼ਾਰ ਸਵਾਲਾਂ ਦਾ ਜਵਾਬ ਦਿੱਤਾ ਹੈ ਅਤੇ ਪਿਛਲੇ ਸਾਲ 100 ਬਰਾਮਦ ਪ੍ਰੋਤਸਾਹਨ ਪ੍ਰੋਗਰਾਮ ਆਯੋਜਿਤ ਕੀਤੇ।
ਯੂ. ਏ. ਈ. ਨਾਲ ਇੰਝ ਵਧਿਆ ਕਾਰੋਬਾਰ
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਸੀ. ਈ. ਪੀ. ਏ. ’ਤੇ ਹਸਤਾਖਰ ਕਰਨ ਤੋਂ ਪਹਿਲਾਂ ਆਬੂ ਧਾਬੀ ’ਚ ਭਾਰਤੀ ਦੂਤਘਰ ਪਿਛਲੇ ਇਕ ਸਾਲ ਤੋਂ ਉਥੇ ਸਥਾਨਕ ਵਪਾਰੀਆਂ ਅਤੇ ਦਰਾਮਦਕਾਰਾਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਸੀ। ਸੰਯੁਕਤ ਅਰਬ ਅਮੀਰਾਤ ’ਚ ਭਾਰਤੀ ਰਾਜਦੂਤ ਸੰਜੇ ਸੁਧੀਰ ਕਹਿੰਦੇ ਹਨ ਕਿ ਅਸੀਂ ਰਤਨ, ਗਹਿਣੇ, ਕੱਪੜਾ, ਖੇਡ ਦਾ ਸਾਮਾਨ, ਇੰਜੀਨੀਅਰਿੰਗ ਦਾ ਸਾਮਾਨ ਅਤੇ ਜੁੱਤੀਆਂ ਦੇ ਦਰਾਮਦਕਾਰਾਂ ਨਾਲ ਜੁੜ ਰਹੇ ਹਾਂ । ਅਸਲ ਮੁਲਾਂਕਣ ਪ੍ਰਾਪਤ ਕਰਨ ਲਈ ਦੁਬਈ ਚੈਂਬਰ ਆਫ ਕਾਮਰਸ ਅਤੇ ਆਬੂ ਧਾਬੀ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨਾਲ ਵੀ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ।