ਅਹਿਮ ਖ਼ਬਰ : ਕੈਨੇਡਾ ਜਾਣ ਵਾਲਿਆਂ ਦੀ ਬਾਇਓਮੈਟ੍ਰਿਕਸ ਦੇ ਨਾਂ ’ਤੇ ਹੁੰਦੀ ‘ਲੁੱਟ’ ਹੋਈ ਬੰਦ

05/19/2022 7:08:09 PM

ਇੰਟਰਨੈਸ਼ਨਲ ਡੈਸਕ : ਕੋਰੋਨਾ ਦੀ ਰਫ਼ਤਾਰ ਮੰਦੀ ਹੋਣ ’ਤੇ ਵਿਦੇਸ਼ੀ ਅੰਬੈਸੀਆਂ ਵੱਲੋਂ ਵੀਜ਼ੇ ਖੋਲ੍ਹਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਇਨ੍ਹਾਂ ’ਚੋਂ ਲੱਗਭਗ ਚਾਰ ਲੱਖ ਵਿਦਿਆਰਥੀ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਸਿਰਫ ਕੈਨੇਡਾ ਨੂੰ ਹੀ ਦਿੰਦੇ ਹਨ ਅਤੇ ਹੋਰ ਵੀ ਲੱਖਾਂ ਲੋਕ, ਜਿਨ੍ਹਾਂ ’ਚੋਂ ਬਹੁਤੀ ਗਿਣਤੀ ਪੰਜਾਬੀਆਂ ਦੀ ਹੈ, ਕੈਨੇਡਾ ਵੱਲ ਜਾਂਦੇ ਹਨ। ਕੈਨੇਡਾ ਜਾਣ ਦੇ ਪ੍ਰੋਸੈੱਸ ’ਚ ਇਕ ਕੜੀ ਬਾਇਓਮੈਟ੍ਰਿਕਸ ਵੀ ਹੁੰਦੀ ਹੈ, ਜਿਸ ’ਚ ਅੰਬੈਸੀ ਵੱਲੋਂ ਬਾਇਓਮੈਟ੍ਰਿਕਸ ਕਰਾਉਣ ਲਈ ਪ੍ਰਵਾਸ ਕਰਨ ਵਾਲੇ ਨੂੰ ਬੁਲਾਇਆ ਜਾਂਦਾ ਸੀ। ਇਸ ਲਈ ਅੰਬੈਸੀ ਨੂੰ ਈਮੇਲ ਭੇਜ ਕੇ ਬਾਇਓਮੈਟ੍ਰਿਕਸ ਕਰਾਉਣ ਲਈ ਤਾਰੀਖ਼ ਲਈ ਜਾਂਦੀ ਸੀ, ਜੋ 10-15 ਦਿਨਾਂ ਦੇ ਵਕਫ਼ੇ ਦੀ ਹੁੰਦੀ ਸੀ। ਇਸ ਪ੍ਰੋਸੈੱਸ ਦਾ ਲਾਹਾ ਲੈ ਕੇ ਪੰਜਾਬ ਵਿਚਲੇ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਮਿਲੀਭੁਗਤ ਅਤੇ ਚੋਰ ਮੋਰੀਆਂ ਰਾਹੀਂ ਕੈਨੇਡਾ ਜਾਣ ਦੇ ਚਾਹਵਾਨਾਂ ਕੋਲੋਂ ਬਾਇਓਮੈਟ੍ਰਿਕਸ ਕਰਾਉਣ ਦੇ ਨਾਂ ’ਤੇ ਪਹਿਲਾਂ ਜਾਅਲੀ ਤਰੀਕੇ ਨਾਲ ਹਜ਼ਾਰਾਂ ਮੇਲਾਂ ਭੇਜ ਕੇ ਡੇਟਸ ਬੁੱਕ ਕਰ ਲਈਆ ਜਾਂਦੀਆਂ ਸਨ। ਜਦੋਂ ਕਿਸੇ ਨੂੰ ਬਾਇਓਮੈਟ੍ਰਿਕਸ ਕਰਾਉਣ ਲਈ ਤਾਰੀਖ਼ ਨਹੀਂ ਮਿਲਦੀ ਸੀ ਤਾਂ ਏਜੰਟ 15 ਤੋਂ 50 ਹਜ਼ਾਰ ਰੁਪਏ ਲੈ ਕੇ ਉਸ ਮੇਲ ਰਾਹੀਂ ਬੁੱਕ ਕੀਤੀ ਹੋਈ ਡੇਟ ਗਾਹਕ ਨੂੰ ਉਪਲਬਧ ਕਰਵਾ ਦਿੰਦੇ ਸਨ ਤਾਂ ਕਿ ਚਾਹਵਾਨਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਸਕੇ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ

ਇਹ ਘਪਲਾ ਪਹਿਲਾਂ ਪੰਜਾਬ ਦੇ ਜਲੰਧਰ ਤੇ ਫਿਰ ਚੰਡੀਗੜ੍ਹ ਤੋਂ ਬਾਅਦ ਦਿੱਲੀ, ਬੰਬਈ, ਹੈਦਰਾਬਾਦ ਆਦਿ ਤੋਂ ਹੁੰਦਾ ਹੋਇਆ ਪੂਰੇ ਭਾਰਤ ’ਚ ਫੈਲ ਗਿਆ ਅਤੇ ਏਜੰਟਾਂ ਨੇ ਦੇਖਾ-ਦੇਖੀ ਹੋਰ ਲੋਕਾਂ ਦੇ ਪਾਸਪੋਰਟ ਨੰਬਰ ਦੇ ਕੇ ਅੰਬੈਸੀ ਦੀਆਂ ਛੇ ਮਹੀਨੇ ਤੱਕ ਦੀਆਂ ਬਾਇਓਮੈਟ੍ਰਿਕਸ ਦੀਆਂ ਤਾਰੀਖ਼ਾਂ ਪਹਿਲਾਂ ਹੀ ਜਾਅਲੀ ਤਰੀਕੇ ਨਾਲ ਬੁੱਕ ਕਰਵਾ ਲਈਆਂ ਅਤੇ ਲੋੜਵੰਦ ਨੂੰ ਛੇ ਮਹੀਨੇ ਤੱਕ ਤਾਰੀਖ਼ ਨਹੀਂ ਮਿਲਦੀ ਸੀ ਤਾਂ ਕੁਝ ਲੋਕਾਂ ਨੂੰ ਨੇਪਾਲ ਜਾਂ ਹੋਰ ਨਜ਼ਦੀਕੀ ਦੇਸ਼ਾਂ ’ਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ। ਬਹੁਤੇ ਏਜੰਟਾਂ ਵੱਲੋਂ ਆਪਣੇ ਸੂਤਰਾਂ ਰਾਹੀਂ 15 ਤੋਂ 50 ਹਜ਼ਾਰ ਰੁਪਿਆ ਵਾਧੂ ਲੈ ਕੇ ਪਹਿਲਾਂ ਬੁੱਕ ਕੀਤੀਆਂ ਜਾਅਲੀ ਅਪਾਇੰਟਮੈਂਟਸ ’ਚ ਬਦਲਾਅ ਕਰਕੇ ਲੋੜਵੰਦ ਲੋਕਾਂ ਦੀ ਬਾਇਓਮੈਟ੍ਰਿਕਸ ਕਰਵਾ ਦਿੱਤੀ ਜਾਂਦੀ ਸੀ। ਇਸ ਸਾਰੇ ਘਪਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ ਮੁਹਾਲੀ ਦੀ ਇਕ ਸਮਾਜਸੇਵੀ ਸੰਸਥਾ ਨੂੰ ਕਿਸੇ ਵੱਡੇ ਅੰਤਰਰਾਸ਼ਟਰੀ ਸਮਾਜਸੇਵੀ ਸੰਸਥਾ ਵੱਲੋਂ ਕੈਨੇਡਾ ਆਉਣ ਲਈ ਸੱਦਾ-ਪੱਤਰ ਭੇਜਿਆ ਗਿਆ। ਇਸ ਨੂੰ ਲੈ ਕੇ ਸਤਨਾਮ ਦਾਊਂ ਅਤੇ ਹੋਰ ਮੈਂਬਰਾਂ ਵੱਲੋਂ ਜਦੋਂ ਵੀਜ਼ੇ ਸਬੰਧੀ ਪ੍ਰੋਸੈੱਸ ਜਾਣਨ ਲਈ ਏਜੰਟਾਂ ਨਾਲ ਸੰਪਰਕ ਕੀਤਾ ਗਿਆ ਤਾਂ ਇਸ ਸਾਰੇ ਘਪਲੇ ਦਾ ਪਤਾ ਲੱਗਿਆ, ਜਿਸ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਨੇ ਫ਼ੈਸਲਾ ਕੀਤਾ ਕਿ ਉਹ ਪਹਿਲਾਂ ਹੀ ਰਿਸ਼ਵਤਖੋਰੀ ਅਤੇ ਕੁਰੱਪਸ਼ਨ ਖਿਲਾਫ ਕੰਮ ਕਰਦੇ ਹਨ।

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ

ਇਸ ਲਈ ਇਸ ਤਰੀਕੇ ਨਾਲ ਘਪਲੇਬਾਜ਼ੀ ਕਰਕੇ ਉਹ ਕੈਨੇਡਾ ਨਹੀਂ ਜਾਣਗੇ, ਜਿਸ ਕਾਰਨ ਸਤਨਾਮ ਦਾਊਂ ਵੱਲੋਂ ਇਸ ਘਪਲੇ ਦੀ ਪੂਰੀ ਜਾਣਕਾਰੀ ਇਕੱਠੀ ਕਰ ਕੇ ਅਤੇ ਏਜੰਟਾਂ ਦੀ ਰਿਕਾਰਡਿੰਗ ਕਰਕੇ 20 ਨਵੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਡੀਅਨ ਕੰਸੋਲਰ, ਸੇਨ ਫਰੇਜ਼ਰ, ਮਨਿਸਟਰ ਆਫ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਡਿਪਾਰਟਮੈਂਟ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰਦਿਆਂ ਲਿਖ ਦਿੱਤਾ ਕਿ ਕਿਉਂਕਿ ਉਹ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹਨ, ਉਨ੍ਹਾਂ ਦੀ ਸੰਸਥਾ ਨੇ ਬਹੁਤ ਸਾਰੇ ਕੈਨੇਡਾ ਅਤੇ ਭਾਰਤੀ ਲੋਕਾਂ ਦੀ ਕੁਰੱਪਸ਼ਨ ਖ਼ਿਲਾਫ਼ ਮਦਦ ਕੀਤੀ ਹੈ, ਜਿਸ ਕਾਰਨ ਉਹ ਅਜਿਹੇ ਗ਼ਲਤ ਤਰੀਕੇ ਨੂੰ ਵਰਤ ਕੇ ਕੈਨੇਡਾ ’ਚ ਨਹੀਂ ਆਉਣਾ ਚਾਹੁੰਦੇ। ਉਨ੍ਹਾਂ ਕੈਨੇਡਾ ਸਰਕਾਰ ਤੋਂ ਮੰਗ ਕਰਦਿਆਂ ਲਿਖਿਆ ਕਿ ਕੈਨੇਡਾ ਸਰਕਾਰ ਨੂੰ ਇਸ ਘਪਲੇਬਾਜ਼ੀ ਉਤੇ ਜਾਂਚ ਬਿਠਾਉਣੀ ਚਾਹੀਦੀ ਹੈ ਅਤੇ ਤੁਰੰਤ ਇਸ ਕੰਮ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਕੈਨੇਡਾ ਸਰਕਾਰ ਦੀ ਬਦਨਾਮੀ ਨਾ ਹੋਵੇ ਅਤੇ ਲੋਕ ਸਾਫ਼-ਸੁਥਰੇ ਤਰੀਕੇ ਨਾਲ ਕੈਨੇਡਾ ਪਹੁੰਚਣ। ਭੇਜੀ ਗਈ ਈਮੇਲ ਤੋਂ ਦੋ ਦਿਨ ਬਾਅਦ ਹੀ ਐਕਸ਼ਨ ਲੈਂਦਿਆਂ ਪ੍ਰਧਾਨ ਮੰਤਰੀ ਦਫਤਰ ਦੇ ਨੁਮਾਇੰਦੇ ਮੈਨੇਜਰ ਜੇ. ਪੀ. ਵੈਕਹੋਨ ਵੱਲੋਂ ਸਤਨਾਮ ਦਾਊਂ ਨੂੰ ਉਸ ਦਾ ਉੱਤਰ ਪ੍ਰਾਪਤ ਹੋਇਆ ਤੇ ਉਨ੍ਹਾਂ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੋ-ਤਿੰਨ ਹਫ਼ਤਿਆਂ ਵਿਚ ਹੀ ਕੈਨੇਡੀਅਨ ਸਰਕਾਰ ਵੱਲੋਂ ਇਸ ਘਪਲੇਬਾਜ਼ੀ ਨੂੰ ਨੱਥ ਪਾ ਦਿੱਤੀ ਹੈ ਅਤੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਸ ਸਾਰੇ ਘਪਲੇ ਲਈ ਅੰਦਰੂਨੀ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਕੈਨੇਡਾ ਸਰਕਾਰ ਨੇ ਬਾਇਓਮੈਟ੍ਰਿਕਸ ਲੈਣ ਦਾ ਢੰਗ ਬਦਲ ਲਿਆ ਹੈ, ਜਿਸ ਕਾਰਨ ਪਹਿਲਾਂ ਅੰਬੈਸੀ ’ਚ ਸਾਰੀ ਫਾਰਮੈਲਿਟੀਜ਼ ਅਤੇ ਪੇਪਰ ਜਮ੍ਹਾ ਹੋਣ ਤੋਂ ਬਾਅਦ ਬਾਇਓਮੈਟ੍ਰਿਕਸ ਕਰਵਾਉਣ ਲਈ ਪੱਤਰ ਜਾਰੀ ਹੁੰਦਾ ਹੈ, ਉਸ ਪੱਤਰ ’ਤੇ ਅਮਲ ਕਰਦਿਆਂ ਕੁਝ ਦਿਨਾਂ ਵਿਚ ਹੀ ਬਗੈਰ ਕਿਸੇ ਏਜੰਟ ਤੋਂ ਬਾਇਓਮੈਟ੍ਰਿਕਸ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕੈਪਟਨ ਨੇ ਕੀਤਾ ਸੁਆਗਤ, ਰੰਧਾਵਾ ਨੇ ਕੱਸਿਆ ਤਿੱਖਾ ਤੰਜ਼

ਸਤਨਾਮ ਦਾਊਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਪੂਰੇ ਭਾਰਤ ਵਿਚ ਫ਼ੈਲਾਈ ਇਹ ਲੁੱਟ ਹੁਣ ਬੰਦ ਹੋ ਚੁੱਕੀ ਹੈ, ਜਿਸ ਕਾਰਨ ਕਿਸੇ ਵੀ ਭਾਰਤੀ ਅਤੇ ਪੰਜਾਬੀ ਨੂੰ ਬਾਇਓਮੈਟ੍ਰਿਕਸ ਤਾਰੀਖ਼ਾਂ ਲੈਣ ਲਈ ਏਜੰਟਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ। ਜਿਨ੍ਹਾਂ ਲੋਕਾਂ ਨੇ ਅਜਿਹੇ ਪੈਸੇ ਪਹਿਲਾਂ ਹੀ ਏਜੰਟਾਂ ਨੂੰ ਦਿੱਤੇ ਹੋਏ ਹਨ, ਉਹ ਆਪਣੇ ਪੈਸੇ ਵਾਪਸ ਲੈ ਲੈਣ ਅਤੇ ਹੁਣ ਲੋਕ ਇਸ ਸਬੰਧ ’ਚ ਏਜੰਟਾਂ ਦੇ ਚੁੰਗਲ ਵਿਚ ਨਾ ਫਸਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਟ ਪੈਸੇ ਵਾਪਿਸ ਕਰਨ ਤੋਂ ਆਨਾਕਾਨੀ ਕਰਦਾ ਹੈ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦਾ ਹੈ ਤਾਂ ਤੁਰੰਤ ਪੁਲਸ ਅਤੇ ਕੈਨੇਡੀਅਨ ਅਥਾਰਟੀ ਨੂੰ ਸ਼ਿਕਾਇਤ ਕਰਨ ਅਤੇ ਲੋੜ ਪੈਣ ’ਤੇ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕੈਨੇਡਾ ਇਮੀਗ੍ਰੇਸ਼ਨ, ਕੈਨੇਡੀਅਨ ਪ੍ਰਧਾਨ ਮੰਤਰੀ ਦਫਤਰ, ਕੈਨੇਡਾ ਵਾਸੀ ਨਾਹਰ ਔਜਲਾ ਅਤੇ ਉਨ੍ਹਾਂ ਦੀ ਪਤਨੀ ਅਤੇ ਦਲਜੀਤ ਸਿੰਘ ਕਾਫਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਤੋਂ ਬਿਨਾ ਇਹ ਘਪਲਾ ਨੰਗਾ ਨਹੀਂ ਹੋ ਸਕਦਾ ਅਤੇ ਇਸ ਨੂੰ ਨੱਥ ਨਹੀਂ ਪੈ ਸਕਦੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਘਪਲੇਬਾਜੀ ਰੁਕਣ ਨਾਲ ਲੱਖਾਂ ਲੋਕਾਂ ਦੇ ਅਰਬਾਂ ਰੁਪਏ ਦੀ ਬੱਚਤ ਹੋ ਗਈ ਹੈ। ਇਸ ਮੌਕੇ ਡਾਕਟਰ ਦਲੇਰ ਮੁਲਤਾਨੀ ਸਤਨਾਮ ਦਾਊਂ, ਐਡਵੋਕੇਟ ਤੇਜਿੰਦਰ ਸਿੱਧੂ, ਅਮਿਤ ਕੁਮਾਰ ਦਾਊਂ  ਆਦਿ ਹਾਜ਼ਰ ਰਹੇ।


Manoj

Content Editor

Related News