ਪੱਛਮੀ ਏਸ਼ੀਆ 'ਚ ਜੰਗ ਦਾ ਅਸਰ: ਹੋਟਲ ਇੰਡਸਟਰੀ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ

Sunday, Mar 29, 2026 - 10:47 AM (IST)

ਪੱਛਮੀ ਏਸ਼ੀਆ 'ਚ ਜੰਗ ਦਾ ਅਸਰ: ਹੋਟਲ ਇੰਡਸਟਰੀ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ

ਇੰਟਰਨੈਸ਼ਨਲ ਡੈਸਕ - ਪੱਛਮੀ ਏਸ਼ੀਆ (ਮੱਧ ਪੂਰਬ) 'ਚ 28 ਫਰਵਰੀ ਤੋਂ ਜਾਰੀ ਖੂਨੀ ਸੰਘਰਸ਼ ਨੇ ਖੇਤਰ ਦੇ ਸੈਰ-ਸਪਾਟਾ ਅਤੇ ਹੋਟਲ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਇਸ ਤਣਾਅ ਕਾਰਨ ਕਈ ਹੋਟਲਾਂ 'ਚ ਮਹਿਮਾਨਾਂ ਦੀ ਗਿਣਤੀ (ਓਕੂਪੈਂਸੀ) ਘੱਟ ਕੇ ਸਿੰਗਲ ਡਿਜਿਟ (10 ਫੀਸਦੀ ਤੋਂ ਵੀ ਘੱਟ) ਤੱਕ ਰਹਿ ਗਈ ਹੈ।

ਰੋਜ਼ਾਨਾ ਕਰੋੜਾਂ ਦਾ ਨੁਕਸਾਨ
ਵਿਸ਼ਵ ਯਾਤਰਾ ਅਤੇ ਸੈਰ-ਸਪਾਟਾ ਪ੍ਰੀਸ਼ਦ (WTTC) ਦੇ ਅੰਕੜਿਆਂ ਮੁਤਾਬਕ, ਯਾਤਰੀਆਂ ਦੀ ਘਟਦੀ ਗਿਣਤੀ ਕਾਰਨ ਇਸ ਖੇਤਰ ਨੂੰ ਰੋਜ਼ਾਨਾ ਲਗਭਗ 600 ਮਿਲੀਅਨ ਡਾਲਰ ਦੇ ਖਰਚੇ ਦਾ ਨੁਕਸਾਨ ਹੋ ਰਿਹਾ ਹੈ।, ਦੁਬਈ, ਦੋਹਾ ਅਤੇ ਅਬੂ ਧਾਬੀ ਵਰਗੇ ਵੱਡੇ ਹਵਾਈ ਅੱਡੇ, ਜਿੱਥੇ ਰੋਜ਼ਾਨਾ ਪੰਜ ਲੱਖ ਤੋਂ ਵੱਧ ਯਾਤਰੀ ਆਉਂਦੇ ਸਨ, ਹੁਣ ਫਲਾਈਟਾਂ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਹਨ।

ਭਾਰਤੀ ਸੈਲਾਨੀਆਂ ਅਤੇ ਨਿਵੇਸ਼ 'ਤੇ ਅਸਰ
ਇਸ ਸੰਘਰਸ਼ ਦਾ ਸਿੱਧਾ ਅਸਰ ਭਾਰਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਹਰ ਸਾਲ ਲਗਭਗ 7.8 ਮਿਲੀਅਨ ਭਾਰਤੀ ਦੁਬਈ ਅਤੇ 3.4 ਮਿਲੀਅਨ ਸਾਊਦੀ ਅਰਬ ਦੀ ਯਾਤਰਾ ਕਰਦੇ ਹਨ। ਹੁਣ ਯਾਤਰੀਆਂ ਦੇ ਡਰ ਕਾਰਨ ਵੱਡੀ ਗਿਣਤੀ ਵਿਚ ਬੁਕਿੰਗ ਰੱਦ ਹੋ ਰਹੀ ਹੈ। ਇਸ ਤੋਂ ਇਲਾਵਾ, ਪੱਛਮੀ ਏਸ਼ੀਆ ਦੇ ਨਿਵੇਸ਼ਕਾਂ ਵੱਲੋਂ ਭਾਰਤੀ ਰੀਅਲ ਅਸਟੇਟ 'ਚ ਨਿਵੇਸ਼ ਰੋਕਣ ਕਾਰਨ ਭਾਰਤ 'ਚ ਘਰਾਂ ਦੀ ਵਿਕਰੀ 'ਚ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਪ੍ਰਭਾਵਿਤ ਦੇਸ਼ ਅਤੇ ਮਾਹਿਰਾਂ ਦੀ ਰਾਏ
ਸੰਘਰਸ਼ ਕਾਰਨ ਦੁਬਈ ਤੋਂ ਇਲਾਵਾ ਬਹਿਰੀਨ, ਦੋਹਾ, ਕੁਵੈਤ, ਸਾਊਦੀ ਅਰਬ, ਜਾਰਡਨ ਅਤੇ ਇਜ਼ਰਾਈਲ ਦੇ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਗਲੋਬਲ ਹੋਟਲ ਅਲਾਇੰਸ ਦੇ ਸੀਈਓ ਕ੍ਰਿਸਟੋਫਰ ਹਾਰਟਲੇ ਦਾ ਕਹਿਣਾ ਹੈ ਕਿ ਹਵਾਈ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਹੋਟਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਲੀਲਾ ਪੈਲੇਸ ਦੇ ਸੀਈਓ ਅਨੁਰਾਗ ਭਟਨਾਗਰ ਨੇ ਉਮੀਦ ਜਤਾਈ ਹੈ ਕਿ ਲਗਜ਼ਰੀ ਸੈਕਟਰ ਹਮੇਸ਼ਾ ਲਚਕੀਲਾ ਰਿਹਾ ਹੈ ਅਤੇ ਜੰਗ ਖਤਮ ਹੁੰਦੇ ਹੀ ਇਸ 'ਚ ਤੇਜ਼ੀ ਨਾਲ ਸੁਧਾਰ ਆਵੇਗਾ।

ਇਹ ਸੰਘਰਸ਼ ਅਜਿਹੇ ਸਮੇਂ ਵਧਿਆ ਹੈ ਜਦੋਂ ਸੈਰ-ਸਪਾਟਾ ਸੀਜ਼ਨ ਆਪਣੇ ਸਿਖਰ 'ਤੇ ਸੀ ਅਤੇ ਇਸ ਸਾਲ ਮੱਧ ਪੂਰਬ 'ਚ ਸੈਲਾਨੀਆਂ ਦੀ ਆਮਦ 'ਚ 13 ਫੀਸਦੀ ਵਾਧੇ ਦੀ ਉਮੀਦ ਸੀ, ਪਰ ਹੁਣ ਹਾਲਾਤ ਪੂਰੀ ਤਰ੍ਹਾਂ ਉਲਟ ਗਏ ਹਨ।


author

Sunaina

Content Editor

Related News