ਗੁਆਂਢੀ ਦੇਸ਼ਾਂ ਨਾਲ ਬੰਦ ਸਰਹੱਦਾਂ ਕਾਰਨ ਕੰਗਾਲੀ ਦੀ ਕਗਾਰ ''ਤੇ ਪਾਕਿਸਤਾਨ; ਅਰਬਾਂ ਡਾਲਰ ਦੇ ਵਪਾਰ ਦਾ ਨੁਕਸਾਨ

Wednesday, Oct 21, 2026 - 03:32 PM (IST)

ਗੁਆਂਢੀ ਦੇਸ਼ਾਂ ਨਾਲ ਬੰਦ ਸਰਹੱਦਾਂ ਕਾਰਨ ਕੰਗਾਲੀ ਦੀ ਕਗਾਰ ''ਤੇ ਪਾਕਿਸਤਾਨ; ਅਰਬਾਂ ਡਾਲਰ ਦੇ ਵਪਾਰ ਦਾ ਨੁਕਸਾਨ

ਇੰਟਰਨੈਸ਼ਨਲ ਡੈਸਕ: ਆਪਣੇ ਗੁਆਂਢੀ ਦੇਸ਼ਾਂ ਨਾਲ ਖਰਾਬ ਸਬੰਧਾਂ ਅਤੇ ਬੰਦ ਸਰਹੱਦਾਂ ਕਾਰਨ ਪਾਕਿਸਤਾਨ ਭਾਰੀ ਆਰਥਿਕ ਨੁਕਸਾਨ ਅਤੇ ਖੇਤਰੀ ਵੱਖਰੇਵੇਂ ਦਾ ਸਾਹਮਣਾ ਕਰ ਰਿਹਾ ਹੈ। ਭਾਰਤ, ਅਫ਼ਗਾਨਿਸਤਾਨ ਅਤੇ ਈਰਾਨ ਨਾਲ ਸਰਹੱਦੀ ਆਵਾਜਾਈ ਅਤੇ ਵਪਾਰ ਠੱਪ ਹੋਣ ਕਾਰਨ ਪਾਕਿਸਤਾਨ ਦੇ 25 ਕਰੋੜ (250 ਮਿਲੀਅਨ) ਲੋਕ ਆਪਣੇ ਹੀ ਦੇਸ਼ ਵਿੱਚ ਬੰਦ ਹੋ ਕੇ ਰਹਿ ਗਏ ਹਨ, ਜਿਸ ਨਾਲ ਅਰਬਾਂ ਡਾਲਰ ਦਾ ਵਪਾਰਕ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ, ਪਾਕਿਸਤਾਨ ਨਾਲ ਵਪਾਰ ਬੰਦ ਹੋਣ ਨਾਲ ਭਾਰਤੀ ਅਰਥਵਿਵਸਥਾ 'ਤੇ ਕੋਈ ਮਾੜਾ ਅਸਰ ਨਹੀਂ ਪਿਆ, ਜਦੋਂ ਕਿ ਪਾਕਿਸਤਾਨੀ ਅਰਥਵਿਵਸਥਾ ਲਗਾਤਾਰ ਡਗਮਗਾ ਰਹੀ ਹੈ।

ਪਾਕਿਸਤਾਨ ਦੀ ਪੂਰਬੀ ਸਰਹੱਦ ਭਾਰਤ ਨਾਲ ਅਤੇ ਪੱਛਮੀ ਸਰਹੱਦਾਂ ਅਫ਼ਗਾਨਿਸਤਾਨ ਤੇ ਈਰਾਨ ਨਾਲ ਲੱਗਦੀਆਂ ਹਨ, ਜੋ ਕਿ ਵਪਾਰ, ਕਮਰਸ਼ੀਅਲ ਅਤੇ ਯਾਤਰਾ ਦੇ ਲਿਹਾਜ਼ ਨਾਲ ਲਗਭਗ ਪੂਰੀ ਤਰ੍ਹਾਂ ਬੰਦ ਹਨ। ਉੱਤਰੀ ਸਰਹੱਦ ਚੀਨ ਨਾਲ ਲੱਗਦੀ ਹੈ, ਪਰ ਉੱਥੇ ਵੀ ਸਖ਼ਤ ਯਾਤਰਾ ਪਾਬੰਦੀਆਂ ਨਾਲ ਬਹੁਤ ਸੀਮਤ ਪਹੁੰਚ ਹੈ। ਅਜਿਹੇ ਵਿੱਚ ਪਾਕਿਸਤਾਨ ਦੁਨੀਆ ਦਾ ਇੱਕ ਅਜਿਹਾ ਦੇਸ਼ ਬਣ ਗਿਆ ਹੈ ਜਿਸ ਦੇ ਲਗਭਗ ਸਾਰੇ ਗੁਆਂਢੀਆਂ ਨਾਲ ਸਰਹੱਦੀ ਰਸਤੇ ਬੰਦ ਹਨ।

5 ਅਗਸਤ 2019 ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਹਟਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸਿੱਧਾ ਵਪਾਰ ਅਤੇ ਯਾਤਰਾ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਦੋਵਾਂ ਦੇਸ਼ਾਂ ਵਿਚਾਲੇ ਲਗਭਗ 10 ਅਰਬ ਡਾਲਰ ਦੇ ਵਪਾਰ ਦੀ ਸਮਰੱਥਾ ਹੈ। ਚੀਨ ਅਤੇ ਭਾਰਤ ਵਿਚਕਾਰ ਸਰਹੱਦੀ ਵਿਵਾਦਾਂ ਦੇ ਬਾਵਜੂਦ ਸਾਲਾਨਾ ਲਗਭਗ 150 ਅਰਬ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਪਰ ਪਾਕਿਸਤਾਨ ਅਤੇ ਭਾਰਤ ਵਿਚਾਲੇ ਅਜਿਹਾ ਨਾ ਹੋ ਸਕਿਆ।

ਪੜ੍ਹੋ ਇਹ ਅਹਿਮ ਖ਼ਬਰ-  ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ,  ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

ਪਾਕਿਸਤਾਨ ਦੇ ਅਫ਼ਗਾਨਿਸਤਾਨ ਅਤੇ ਈਰਾਨ ਨਾਲ ਵੀ ਸਬੰਧ ਵਿਗੜ ਚੁੱਕੇ ਹਨ। ਪਾਕਿਸਤਾਨ ਦਾ ਅਫ਼ਗਾਨਿਸਤਾਨ ਨਾਲ ਵਪਾਰਕ ਸਰਪਲੱਸ ਹੁੰਦਾ ਸੀ, ਪਰ ਸਰਹੱਦਾਂ ਬੰਦ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਵਪਾਰੀਆਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।ਇਸੇ ਤਰ੍ਹਾਂ ਅਮਰੀਕੀ ਦਬਾਅ ਅਤੇ ਫ਼ਾਰਸ ਦੀ ਖਾੜੀ ਵਿੱਚ ਤਣਾਅ ਕਾਰਨ ਪਾਕਿਸਤਾਨ ਨੇ ਈਰਾਨ ਨਾਲ ਵੀ ਵਪਾਰ ਬੰਦ ਕਰ ਦਿੱਤਾ ਅਤੇ 'ਈਰਾਨ-ਪਾਕਿਸਤਾਨ ਗੈਸ ਪਾਈਪਲਾਈਨ' ਪ੍ਰੋਜੈਕਟ ਦਾ ਕੰਮ ਰੋਕ ਦਿੱਤਾ, ਜਦੋਂ ਕਿ ਈਰਾਨ ਨਾਲ ਊਰਜਾ ਸਬੰਧ ਪਾਕਿਸਤਾਨ ਲਈ ਬਹੁਤ ਲਾਹੇਵੰਦ ਸਨ।

ਅੰਕੜਿਆਂ ਅਨੁਸਾਰ ਸਰਹੱਦਾਂ ਬੰਦ ਹੋਣ ਨਾਲ ਭਾਰਤ, ਅਫ਼ਗਾਨਿਸਤਾਨ ਜਾਂ ਈਰਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਵਿਸ਼ਵ ਬੈਂਕ ਅਨੁਸਾਰ ਭਾਰਤ ਦੀ ਆਰਥਿਕ ਵਾਧਾ ਦਰ 7 ਫੀਸਦੀ ਹੈ ਅਤੇ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ 700 ਅਰਬ ਡਾਲਰ ਤੋਂ ਵੱਧ ਹੈ। ਭਾਰਤੀ ਰੁਪਿਆ ਪਾਕਿਸਤਾਨੀ ਰੁਪਏ ਨਾਲੋਂ ਤਿੰਨ ਗੁਣਾ ਮਜ਼ਬੂਤ ਹੈ। ਦੂਜੇ ਪਾਸੇ ਪਾਕਿਸਤਾਨ ਦੀ ਆਰਥਿਕ ਵਾਧਾ ਦਰ ਮਾਤਰ 3.5 ਫੀਸਦੀ ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ ਮਹਿਜ਼ 22 ਅਰਬ ਡਾਲਰ ਰਹਿ ਗਿਆ ਹੈ।
 ਅਫ਼ਗਾਨਿਸਤਾਨ ਦੀ ਕਰੰਸੀ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ।

ਪਾਕਿਸਤਾਨ ਨੂੰ ਮੱਧ ਪੂਰਬ ਦੀ ਥਾਂ ਦੱਖਣੀ ਏਸ਼ੀਆ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਭਾਰਤ, ਅਫ਼ਗਾਨਿਸਤਾਨ ਤੇ ਈਰਾਨ ਨਾਲ ਕੂਟਨੀਤੀ ਅਤੇ ਗੱਲਬਾਤ ਰਾਹੀਂ ਵਪਾਰ, ਟੂਰਿਜ਼ਮ ਅਤੇ ਯਾਤਰਾ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਸਰਹੱਦਾਂ ਖੋਲ੍ਹ ਕੇ ਵਪਾਰਕ ਗਤੀਵਿਧੀਆਂ ਸ਼ੁਰੂ ਨਾ ਕੀਤੀਆਂ ਗਈਆਂ ਤਾਂ ਪਾਕਿਸਤਾਨ ਦੀ ਅਰਥਵਿਵਸਥਾ ਹੋਰ ਤਬਾਹ ਹੋ ਜਾਵੇਗੀ ਅਤੇ ਦੇਸ਼ ਵਿੱਚੋਂ ਬੁੱਧੀਜੀਵੀਆਂ ਦਾ ਪਲਾਇਨ ਹੋਰ ਤੇਜ਼ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News