120 ਡਾਲਰ ਤੱਕ ਪੁੱਜ ਸਕਦੈ ਕੱਚੇ ਤੇਲ ਦਾ ਭਾਅ ! ਮਿਡਲ ਈਸਟ ਤਣਾਅ ਦਾ ਦਿਖ ਰਿਹਾ ਅਸਰ
Monday, Oct 26, 2026 - 05:07 PM (IST)
ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ’ਚ ਵਧਦੇ ਤਣਾਅ ਦਾ ਅਸਰ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਤੇ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤੇ ’ਚ ਵੀ ਤੇਲ ਦੇ ਭਾਅ ’ਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਜੇਕਰ ਤਣਾਅ ਹੋਰ ਵਧਦਾ ਹੈ ਅਤੇ ਤੇਲ ਦੀ ਸਪਲਾਈ ’ਚ ਰੁਕਾਵਟ ਆਉਂਦੀ ਹੈ, ਤਾਂ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ।
ਫਿਲਹਾਲ ਬ੍ਰੇਂਟ ਕੱਚੇ ਤੇਲ ਦਾ ਭਾਅ 117 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਚੁੱਕਾ ਹੈ। ਵਿਸ਼ਲੇਸ਼ਕਾਂ ਅਨੁਸਾਰ ਸਟ੍ਰੇਟ ਆਫ ਹੋਰਮੁਜ਼ ’ਚ ਸਮੁੰਦਰੀ ਆਵਾਜਾਈ ਰੁਕੀ ਹੋਣ ਜਾਂ ਤੇਲ ਨਾਲ ਜੁੜੇ ਠਿਕਾਣਿਆਂ ’ਤੇ ਹਮਲੇ ਹੋਣ ਨਾਲ ਦੁਨੀਆ ਦੇ ਕਈ ਦੇਸ਼ਾਂ ’ਚ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਕੀਮਤਾਂ ’ਚ ਹੋਰ ਤੇਜ਼ੀ ਆਉਣ ਦਾ ਖਤਰਾ ਹੈ। ਹਾਲਾਂਕਿ ਜੇਕਰ ਪੱਛਮੀ ਏਸ਼ੀਆ ’ਚ ਤਣਾਅ ਘੱਟ ਹੁੰਦਾ ਹੈ, ਤਾਂ ਤੇਲ ਦੇ ਭਾਅ ਤੇਜ਼ੀ ਨਾਲ ਹੇਠਾਂ ਵੀ ਆ ਸਕਦੇ ਹਨ।
ਅਮਰੀਕੀ ਫੈੱਡਰਲ ਰਿਜ਼ਰਵ ਦੀ 27 ਅਤੇ 28 ਅਕਤੂਬਰ ਨੂੰ ਹੋਣ ਵਾਲੀ ਬੈਠਕ ਵੀ ਬਾਜ਼ਾਰ ਲਈ ਅਹਿਮ ਹੈ। ਇਸ ਤੋਂ ਇਲਾਵਾ ਅਮਰੀਕਾ ’ਚ ਤੇਲ ਦੇ ਭੰਡਾਰ ਨਾਲ ਜੁੜੇ ਹਫਤਾਵਾਰੀ ਅੰਕੜਿਆਂ ’ਤੇ ਵੀ ਨਿਵੇਸ਼ਕਾਂ ਦੀ ਨਜ਼ਰ ਰਹੇਗੀ। ਰੈਲੀਗੇਅਰ ਬ੍ਰੋਕਿੰਗ ਦੇ ਮਾਹਿਰ ਅਜੀਤ ਮਿਸ਼ਰਾ ਨੇ ਕਿਹਾ ਕਿ ਫਿਲਹਾਲ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੁਖ ਹੈ ਪਰ ਬਾਜ਼ਾਰ ਦੀ ਦਿਸ਼ਾ ਕਾਫੀ ਹੱਦ ਤੱਕ ਗਲੋਬਲ ਘਟਨਾਵਾਂ ’ਤੇ ਨਿਰਭਰ ਕਰੇਗੀ। ਉੱਥੇ ਹੀ ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਦੇ ਨਵਨੀਤ ਦਮਾਨੀ ਅਨੁਸਾਰ ਪੱਛਮੀ ਏਸ਼ੀਆ ’ਚ ਹਮਲਿਆਂ ਅਤੇ ਤੇਲ ਬਰਾਮਦ ਦੀ ਸੁਰੱਖਿਆ ਨੂੰ ਲੈ ਕੇ ਵਧਦੀ ਚਿੰਤਾ ਨੇ ਬਾਜ਼ਾਰ ’ਤੇ ਦਬਾਅ ਵਧਾ ਦਿੱਤਾ ਹੈ।
