ਧੱੜਲੇ ਨਾਲ ਚੱਲ ਰਿਹੈ ਮਨੁੱਖੀ ਅੰਗਾਂ ਦਾ ਕਾਲਾ ਕਾਰੋਬਾਰ! ਇਸਲਾਮਾਬਾਦ ''ਚ ਡਾਕਟਰ ਸਣੇ 9 ਲੋਕ ਗ੍ਰਿਫ਼ਤਾਰ

Sunday, May 24, 2026 - 04:48 PM (IST)

ਧੱੜਲੇ ਨਾਲ ਚੱਲ ਰਿਹੈ ਮਨੁੱਖੀ ਅੰਗਾਂ ਦਾ ਕਾਲਾ ਕਾਰੋਬਾਰ! ਇਸਲਾਮਾਬਾਦ ''ਚ ਡਾਕਟਰ ਸਣੇ 9 ਲੋਕ ਗ੍ਰਿਫ਼ਤਾਰ

ਇਸਲਾਮਾਬਾਦ (ਆਈਏਐਨਐਸ): ਪਾਕਿਸਤਾਨ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦੀ ਆਰਥਿਕ ਮੰਦਹਾਲੀ ਅਤੇ ਗਰੀਬੀ ਦਾ ਫਾਇਦਾ ਉਠਾਉਂਦੇ ਹੋਏ ਲਾਲਚੀ ਡਾਕਟਰ ਅਤੇ ਤਸਕਰ ਗਰੀਬ ਲੋਕਾਂ ਨੂੰ ਅਮੀਰਾਂ ਲਈ 'ਸਪੇਅਰ ਪਾਰਟਸ' ਵਜੋਂ ਵਰਤ ਰਹੇ ਹਨ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (FIA) ਨੇ ਹਾਲ ਹੀ ਵਿੱਚ ਇਸਲਾਮਾਬਾਦ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਛਾਪਾ ਮਾਰ ਕੇ ਇੱਕ ਮਸ਼ਹੂਰ ਯੂਰੋਲੋਜਿਸਟ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਰਿਪੋਰਟਾਂ ਅਨੁਸਾਰ ਇਹ ਨੈੱਟਵਰਕ ਦੱਖਣੀ ਪੰਜਾਬ ਦੇ ਪਛੜੇ ਜ਼ਿਲ੍ਹਿਆਂ ਜਿਵੇਂ ਰਹੀਮ ਯਾਰ ਖਾਨ ਅਤੇ ਡੇਰਾ ਗਾਜ਼ੀ ਖਾਨ ਦੇ ਗਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਇਨ੍ਹਾਂ ਮਾਸੂਮ ਲੋਕਾਂ ਨੂੰ ਮਾਮੂਲੀ ਰਕਮ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਕਿਡਨੀਆਂ ਕੱਢ ਲਈਆਂ ਜਾਂਦੀਆਂ ਸਨ ਅਤੇ ਬਾਅਦ ਵਿੱਚ ਅਮੀਰ ਗਾਹਕਾਂ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤੀਆਂ ਜਾਂਦੀਆਂ ਸਨ। ਕਈ ਮਾਮਲਿਆਂ ਵਿੱਚ ਤਾਂ ਲੋਕਾਂ ਦੀ ਸਹਿਮਤੀ ਜਾਂ ਜਾਣਕਾਰੀ ਤੋਂ ਬਿਨਾਂ ਹੀ ਉਨ੍ਹਾਂ ਦੇ ਅੰਗ ਕੱਢ ਲਏ ਗਏ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨੀ PM ਨੇ ਟਰੰਪ ਦੀਆਂ ਤਾਰੀਫਾਂ ਦੇ ਬੰਨੇ ਪੁੱਲ!  ਸ਼ਾਂਤੀ ਯਤਨਾਂ ਦੀ ਰੱਜ ਕੇ ਕੀਤੀ ਸ਼ਲਾਘਾ

ਇਸ ਕਾਲੇ ਕਾਰੋਬਾਰ ਦੀਆਂ ਤਾਰਾਂ ਵਿਦੇਸ਼ਾਂ ਨਾਲ ਵੀ ਜੁੜੀਆਂ ਹੋਈਆਂ ਹਨ। ਤਸਕਰ ਖ਼ਾਸ ਤੌਰ 'ਤੇ ਮੱਧ ਪੂਰਬ ਦੇ ਅਮੀਰ ਮਰੀਜ਼ਾਂ ਲਈ 'ਵੀ.ਆਈ.ਪੀ. ਪੈਕੇਜ' ਚਲਾਉਂਦੇ ਸਨ। ਇਸ ਪੈਕੇਜ ਵਿੱਚ ਏਅਰਪੋਰਟ ਤੋਂ ਪਿਕ-ਅੱਪ, ਪੰਜ ਸਿਤਾਰਾ ਹੋਟਲਾਂ ਵਿੱਚ ਠਹਿਰਨ ਅਤੇ ਰਿਹਾਇਸ਼ੀ ਇਮਾਰਤਾਂ ਦੇ ਬੇਸਮੈਂਟਾਂ ਵਿੱਚ ਗੁਪਤ ਤਰੀਕੇ ਨਾਲ ਸਰਜਰੀਆਂ ਕਰਨਾ ਸ਼ਾਮਲ ਸੀ। ਰਾਵਲਪਿੰਡੀ ਵਿੱਚ ਇੱਕ ਮਜ਼ਦੂਰ ਨੂੰ ਅਗਵਾ ਕਰਕੇ ਉਸਦੀ ਕਿਡਨੀ ਚੋਰੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦੇਸ਼ ਭਰ ਵਿੱਚ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ 'ਬੰਧੂਆ ਮਜ਼ਦੂਰ' ਇਸ ਤਸਕਰੀ ਦਾ ਸਭ ਤੋਂ ਵੱਡਾ ਸ਼ਿਕਾਰ ਬਣ ਰਹੇ ਹਨ। ਭੱਠਾ ਮਾਲਕ ਮਜ਼ਦੂਰਾਂ ਨੂੰ ਉਨ੍ਹਾਂ ਦਾ 'ਕਰਜ਼ਾ' ਉਤਾਰਨ ਲਈ ਅੰਗ ਵੇਚਣ ਦਾ ਲਾਲਚ ਦਿੰਦੇ ਹਨ। ਪਰ ਤ੍ਰਾਸਦੀ ਇਹ ਹੈ ਕਿ ਅੰਗ ਦੇਣ ਤੋਂ ਬਾਅਦ ਵੀ ਮਜ਼ਦੂਰਾਂ ਨੂੰ ਪੂਰੀ ਰਕਮ ਨਹੀਂ ਮਿਲਦੀ ਅਤੇ ਸਰੀਰਕ ਕਮਜ਼ੋਰੀ ਕਾਰਨ ਉਹ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ, ਜਿਸ ਕਾਰਨ ਉਹ ਮੁੜ ਉਸੇ ਕਰਜ਼ੇ ਦੇ ਜਾਲ ਵਿੱਚ ਫਸ ਜਾਂਦੇ ਹਨ।

'ਦਿ ਡਿਪਲੋਮੈਟ' ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਵਧ ਰਹੀ ਗੰਭੀਰ ਗਰੀਬੀ ਇਸ 'ਕਾਲੇ ਵਪਾਰ' ਨੂੰ ਉਤਸ਼ਾਹਿਤ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਖ਼ਤ ਕਾਨੂੰਨੀ ਕਾਰਵਾਈ ਅਤੇ ਅੰਤਰਰਾਸ਼ਟਰੀ ਸਹਿਯੋਗ ਨਹੀਂ ਵਧਾਇਆ ਜਾਂਦਾ, ਉਦੋਂ ਤੱਕ ਪਾਕਿਸਤਾਨ ਵਿੱਚ ਗਰੀਬਾਂ ਦੇ ਅੰਗਾਂ ਦੀ ਇਹ ਲੁੱਟ ਜਾਰੀ ਰਹਿਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News