ਅਫਗਾਨਿਸਤਾਨ ਨੇ ਪਾਕਿਸਤਾਨ ''ਤੇ  ਕਰ''ਤੀ ''Airstrikes''! ਹਵਾਈ ਹਮਲਿਆਂ ਨਾਲ ਦਹਿਲਾਏ ISIS ਦੇ ਟਿਕਾਣੇ

Friday, Jun 19, 2026 - 05:28 PM (IST)

ਅਫਗਾਨਿਸਤਾਨ ਨੇ ਪਾਕਿਸਤਾਨ ''ਤੇ  ਕਰ''ਤੀ ''Airstrikes''! ਹਵਾਈ ਹਮਲਿਆਂ ਨਾਲ ਦਹਿਲਾਏ ISIS ਦੇ ਟਿਕਾਣੇ

ਕਾਬੁਲ (ਏਜੰਸੀ): ਗੁਆਂਢੀ ਦੇਸ਼ਾਂ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਤਣਾਅ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਡੂਰੰਡ ਲਾਈਨ'ਤੇ ਵਧਦੇ ਟਕਰਾਅ ਦਰਮਿਆਨ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਬੇਹੱਦ ਵਿਸਫੋਟਕ ਹੋ ਗਈ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦੀ ਹਵਾਈ ਫੌਜ ਨੇ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ISIS ਦੇ ਕਈ ਟਿਕਾਣਿਆਂ 'ਤੇ ਰਾਤੋ-ਰਾਤ ਭਾਰੀ ਏਅਰਸਟ੍ਰਾਈਕ ਕੀਤੀ ਹੈ। ਅਫਗਾਨਿਸਤਾਨ ਨੇ ਇਸ ਕਾਰਵਾਈ ਨੂੰ 'ਰੱਖਿਆਤਮਕ ਕਦਮ' ਦੱਸਿਆ ਹੈ।

PunjabKesari

ਅਫਗਾਨ ਰੱਖਿਆ ਮੰਤਰਾਲੇ ਅਨੁਸਾਰ ਇਹ ਹਮਲੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ਵਿੱਚ ਕੀਤੇ ਗਏ ਹਨ। ਬਲੋਚਿਸਤਾਨ ਦੇ ਕਿਲਾ ਅਬਦੁੱਲਾ ਜ਼ਿਲ੍ਹੇ ਦੇ ਗੁਲਿਸਤਾਨ ਇਲਾਕੇ ਅਤੇ ਚਾਗੀ ਜ਼ਿਲ੍ਹੇ ਦੇ ਸ਼ਕਰ ਅਬ ਜੰਗਲ ਗਾਰਡੀ ਖੇਤਰ ਵਿੱਚ ISIS ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮੰਤਰਾਲੇ ਦਾ ਦਾਅਵਾ ਹੈ ਕਿ ਇਹ ਟਿਕਾਣੇ ISIS ਦੇ ਅੱਤਵਾਦੀਆਂ ਅਤੇ ਹੋਰ ਵਿਰੋਧੀ ਤਾਕਤਾਂ ਦੇ ਸਾਂਝੇ ਕੇਂਦਰ ਸਨ।

ਖੈਬਰ ਪਖਤੂਨਖਵਾ ਦੇ ਓਰਕਜ਼ਈ ਏਜੰਸੀ ਦੇ ਕੰਬਰ ਖੇਲ ਇਲਾਕੇ ਵਿੱਚ ਸਥਿਤ 'ISIS-ਖੁਰਾਸਾਨ' (ISIS-K) ਦੀ ਸਹੂਲਤ 'ਤੇ ਵੀ ਸਫਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ 'ਤੇ ਅੱਤਵਾਦੀ ਸੰਗਠਨ ਦੇ ਕਈ ਮੁੱਖ ਆਗੂ ਅਕਸਰ ਆਉਂਦੇ-ਜਾਂਦੇ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅਫਗਾਨ ਫੌਜ ਨੇ ਆਪਣੇ ਸਾਰੇ ਮਿੱਥੇ ਹੋਏ 'ਹਾਈ-ਵੈਲਿਊ ਟਾਰਗੇਟਸ' ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ।

ਕਿਉਂ ਕੀਤੀ ਇਹ ਕਾਰਵਾਈ

ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਅਨੁਸਾਰ ਇਹ ਟਿਕਾਣੇ "ਦੁਸ਼ਮਣ ਖੁਫੀਆ ਸਰਕਲਾਂ" ਦੀ ਮਦਦ ਨਾਲ ਅਫਗਾਨਿਸਤਾਨ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਲਈ ਵਰਤੇ ਜਾ ਰਹੇ ਸਨ। ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਕਿ ਇਨ੍ਹਾਂ ਅੱਡਿਆਂ ਤੋਂ ਪਹਿਲਾਂ ਵੀ ਕਈ ਘਾਤਕ ਹਮਲੇ ਕੀਤੇ ਜਾ ਚੁੱਕੇ ਹਨ। ਅਫਗਾਨਿਸਤਾਨ ਨੇ ਆਪਣੀ ਸੁਰੱਖਿਆ ਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਆਪਣੀ ਸਥਿਰਤਾ ਲਈ ਕਿਸੇ ਵੀ ਖ਼ਤਰੇ ਨੂੰ ਬਰਦਾਸ਼ਤ ਨਹੀਂ ਕਰੇਗਾ। ਰੱਖਿਆ ਮੰਤਰਾਲੇ ਨੇ ਦੁਹਰਾਇਆ ਕਿ ਅਫਗਾਨਿਸਤਾਨ ਆਪਣੀ ਸੁਰੱਖਿਆ ਲਈ ਉਪਲਬਧ ਸਾਰੀ ਫੌਜੀ ਸ਼ਕਤੀ ਦੀ ਵਰਤੋਂ ਕਰੇਗਾ ਅਤੇ ਦੇਸ਼ ਦੇ ਵਿਰੁੱਧ ਉੱਠਣ ਵਾਲੇ ਹਰ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ। ਇਸ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਭਾਰੀ ਤਣਾਅ ਪਾਇਆ ਜਾ ਰਿਹਾ ਹੈ। 

ਅਫਗਾਨ ਮੰਤਰਾਲੇ ਅਨੁਸਾਰ ਇਹ ਜਵਾਬੀ ਕਾਰਵਾਈ ਪਿਛਲੇ ਹਫ਼ਤੇ ਪਾਕਿਸਤਾਨੀ ਹਵਾਈ ਸੈਨਾ (PAF) ਵੱਲੋਂ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਪਕਤੀਆ ਸੂਬਿਆਂ ਵਿੱਚ ਕੀਤੇ ਗਏ ਘਾਤਕ ਹਮਲਿਆਂ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ ਵਿੱਚ ਕਈ ਅਫਗਾਨ ਔਰਤਾਂ ਅਤੇ ਬੱਚੇ ਮਾਰੇ ਗਏ ਸਨ। ਤਾਲਿਬਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਡਰੋਨਾਂ ਨੇ ਪਾਕਿਸਤਾਨੀ ਸਰਹੱਦ ਦੇ ਅੰਦਰ ਗੁਲਿਸਤਾਨ, ਸ਼ਕਰ ਅਬ ਅਤੇ ਕੰਬਰ ਖੇਲ ਵਰਗੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਵਰਤੋਂ ISIS-K ਵੱਲੋਂ ਅਫਗਾਨਿਸਤਾਨ ਦੇ ਖਿਲਾਫ ਹਮਲਿਆਂ ਦੀ ਯੋਜਨਾ ਬਣਾਉਣ, ਭਰਤੀ ਅਤੇ ਸਿਖਲਾਈ ਲਈ ਕੀਤੀ ਜਾ ਰਹੀ ਸੀ। ਹਾਲਾਂਕਿ ਪਾਕਿਸਤਾਨ ਨੇ ਅਜੇ ਤੱਕ ਤਾਲਿਬਾਨ ਦੇ ਇਨ੍ਹਾਂ ਡਰੋਨ ਹਮਲਿਆਂ ਦੇ ਦਾਅਵਿਆਂ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News