''ਬੰਦੇ ਨੇ ਕੰਧ 'ਚ ਮਾਰ ਕੇ ਖਿਲਾਰ ਲਿਆ ਆਪਣਾ ਸਿਰ..!'', ICE ਤੇ ਹਸਪਤਾਲ ਸਟਾਫ਼ ਵਿਚਾਲੇ ਛਿੜ ਗਿਆ ਵਿਵਾਦ

Saturday, Jan 31, 2026 - 12:22 PM (IST)

''ਬੰਦੇ ਨੇ ਕੰਧ 'ਚ ਮਾਰ ਕੇ ਖਿਲਾਰ ਲਿਆ ਆਪਣਾ ਸਿਰ..!'', ICE ਤੇ ਹਸਪਤਾਲ ਸਟਾਫ਼ ਵਿਚਾਲੇ ਛਿੜ ਗਿਆ ਵਿਵਾਦ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਖ਼ੌਫਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਿਨੀਆਪੋਲਿਸ ਵਿੱਚ ਇੱਕ 31 ਸਾਲਾ ਮੈਕਸੀਕਨ ਪ੍ਰਵਾਸੀ ਅਲਬਰਟੋ ਕਾਸਟਾਨੇਡਾ ਮੋਂਡਰਾਗਨ ਦੇ ਹਿਰਾਸਤ ਦੌਰਾਨ ਗੰਭੀਰ ਜ਼ਖ਼ਮੀ ਹੋਣ ਕਾਰਨ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਅਤੇ ਹਸਪਤਾਲ ਦੇ ਮੈਡੀਕਲ ਸਟਾਫ਼ ਵਿਚਕਾਰ ਵੱਡਾ ਵਿਵਾਦ ਪੈਦਾ ਹੋ ਗਿਆ ਹੈ।

ਫੈਡਰਲ ਏਜੰਟਾਂ ਨੇ ਦਾਅਵਾ ਕੀਤਾ ਕਿ ਅਲਬਰਟੋ ਨੇ ਹੱਥਕੜੀਆਂ ਲੱਗੀਆਂ ਹੋਣ ਦੇ ਬਾਵਜੂਦ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਾਣਬੁੱਝ ਕੇ ਆਪਣਾ ਸਿਰ ਜ਼ੋਰ ਨਾਲ ਇੱਟਾਂ ਦੀ ਕੰਧ ਵਿੱਚ ਮਾਰ ਲਿਆ, ਜਿਸ ਕਾਰਨ ਉਸ ਦੇ ਚਿਹਰੇ ਅਤੇ ਖੋਪੜੀ ਦਾ ਬੁਰਾ ਹਾਲ ਹੋ ਗਿਆ ਤੇ ਉਸ ਦੀਆਂ ਕਈ ਹੱਡੀਆਂ 'ਚ ਫ੍ਰੈਕਚਰ ਹੋ ਗਿਆ ਹੈ।

ਹੇਨੇਪਿਨ ਕਾਉਂਟੀ ਮੈਡੀਕਲ ਸੈਂਟਰ ਦੇ ਸਟਾਫ਼ ਅਤੇ ਮਾਹਿਰਾਂ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ। ਡਾਕਟਰਾਂ ਅਨੁਸਾਰ ਅਲਬਰਟੋ ਦੀ ਖੋਪੜੀ ਵਿੱਚ 8 ਫ੍ਰੈਕਚਰ ਸਨ ਅਤੇ ਦਿਮਾਗ ਦੇ 5 ਹਿੱਸਿਆਂ ਵਿੱਚ ਖੂਨ ਵਗ ਰਿਹਾ ਸੀ, ਜੋ ਕਿ ਸਿਰਫ਼ ਕੰਧ ਨਾਲ ਟਕਰਾਉਣ ਨਾਲ ਸੰਭਵ ਨਹੀਂ ਹੈ।

ਹਸਪਤਾਲ ਦੇ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ICE ਅਧਿਕਾਰੀਆਂ ਨੇ ਹਸਪਤਾਲ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਮਰੀਜ਼ ਨੂੰ ਬਿਸਤਰੇ ਨਾਲ ਬੇੜੀਆਂ ਲਗਾਈਆਂ ਅਤੇ ਸਟਾਫ਼ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸਟਾਫ਼ ਇੰਨਾ ਡਰਿਆ ਹੋਇਆ ਸੀ ਕਿ ਉਹ ਅਧਿਕਾਰੀਆਂ ਤੋਂ ਬਚਣ ਲਈ ਇੰਕ੍ਰਿਪਟਡ ਮੈਸੇਜਿੰਗ ਦੀ ਵਰਤੋਂ ਕਰ ਰਹੇ ਸਨ।

ਅਲਬਰਟੋ ਦੇ ਵਕੀਲਾਂ ਅਨੁਸਾਰ, ਉਹ 2022 ਵਿੱਚ ਜਾਇਜ਼ ਦਸਤਾਵੇਜ਼ਾਂ ਨਾਲ ਅਮਰੀਕਾ ਆਇਆ ਸੀ ਅਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਅਦਾਲਤ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਹਾਲਾਂਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਪਰ ਉਹ ਗੰਭੀਰ ਯਾਦਾਸ਼ਤ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਉਸ ਦਾ ਇਲਾਜ ਜਾਰੀ ਹੈ।


author

Harpreet SIngh

Content Editor

Related News