ਮੈਂ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਯੋਗ, ਟਰੰਪ ਨੂੰ ਹਰਾਵਾਂਗਾ : ਬਾਈਡੇਨ

Saturday, Jul 13, 2024 - 10:06 AM (IST)

ਮੈਂ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਯੋਗ, ਟਰੰਪ ਨੂੰ ਹਰਾਵਾਂਗਾ : ਬਾਈਡੇਨ

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ ਆਪਣੇ ਰਿਪਬਲਾਕਨ ਮੁਕਾਬਲੇਬਾਜ਼ ਡੋਨਾਲਡ ਟਰੰਪ ਦੇ ਖਿਲਾਫ ਇਕ ਵਾਰ ਫਿਰ ਚੋਣ ਲੜਨ ਲਈ ‘ਵਚਨਬੱਧ’ ਹਨ। ਪੱਤਰਕਾਰਾਂ ਨਾਲ ਗੱਲਬਾਤ ’ਚ ਹਾਲਾਂਕਿ ਬਾਈਡੇਨ ਨੇ 2 ਵੱਡੀਆਂ ਗਲਤੀਆਂ ਕੀਤੀਆਂ, ਜਿਸ ਨਾਲ ਉਨ੍ਹਾਂ ਦੀ ਉਮਰ ਅਤੇ ਸਿਹਤ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਚਿੰਤਾਵਾਂ ਨੂੰ ਖਾਰਿਜ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫਿਰ ਗਿਆ।

ਵਾਸ਼ਿੰਗਟਨ ’ਚ ਨਾਟੋ ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਈਡੇਨ ਨੇ ਦਾਅਵਾ ਕੀਤਾ ਕਿ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਇਹ ਨਹੀਂ ਕਹਿ ਰਿਹਾ ਹੈ ਕਿ ਉਹ ਦੁਬਾਰਾ ਚੋਣ ਨਹੀਂ ਜਿੱਤ ਸਕਦੇ। ਉਨ੍ਹਾਂ ਕਿਹਾ ਕਿ ਕਿਸੇ ਸਰਵੇਖਣ ’ਚ ਵੀ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਉਹ ਚੋਣ ਨਹੀਂ ਜਿੱਤ ਸਕਦੇ।

ਉਨ੍ਹਾਂ ਕਿਹਾ ਕਿ ਇਹ ਇੱਕੋ-ਇਕ ਕਾਰਨ ਹੋਵੇਗਾ, ਜਿਸ ਕਾਰਨ ਉਹ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਦੀ ਦੌੜ ਤੋਂ ਪਿੱਛੇ ਹਟਣ ’ਤੇ ਵਿਚਾਰ ਕਰਨਗੇ। ਬਾਈਡੇਨ (81) ਅਮਰੀਕਾ ਦੇ ਸਭ ਤੋਂ ਵੱਡੀ ਉਮਰ ਵਾਲੇ ਰਾਸ਼ਟਰਪਤੀ ਹਨ। ਉਨ੍ਹਾਂ ਕਿਹਾ ਕਿ ਮੈਂ ਚੋਣਾਂ ਲੜਨ ਲਈ ਵਚਨਬੱਧ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਰਾਸ਼ਟਰਪਤੀ ਅਹੁੱਦੇ ਦੀ ਉਮੀਦਵਾਰੀ ਲਈ ਸਭ ਤੋਂ ਯੋਗ ਵਿਅਕਤੀ ਹਾਂ। ਮੈਂ ਉਨ੍ਹਾਂ ਨੂੰ (ਟਰੰਪ ਨੂੰ) ਇਕ ਵਾਰ ਹਰਾਇਆ ਸੀ ਅਤੇ ਹੁਣ ਮੈਂ ਉਨ੍ਹਾਂ ਨੂੰ ਫਿਰ ਤੋਂ ਹਰਾਵਾਂਗਾ।

ਬਾਈਡੇਨ ਦੀ ਫਿਸਲੀ ਜ਼ੁਬਾਨ

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਨਵੰਬਰ ’ਚ ਹੋਣਗੀਆਂ। ਇਸ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪ​ਤੀ ਜੋਅ ਬਾਈਡੇਨ ਦੀ ਉਮੀਦਵਾਰੀ ’ਤੇ ਸਵਾਲ ਉੱਠਣ ਲੱਗੇ ਹਨ। ਉਨ੍ਹਾਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਬੈਠਕ ’ਚ ਕਈ ਵਾਰ ਬਾਈਡੇਨ ਦੀ ਜ਼ੁਬਾਨ ਫਿਸਲੀ। ਇਸ ’ਚ ਉਹ ਯੁਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਰਾਸ਼ਟਰਪਤੀ ਪੁਤਿਨ ਕਹਿੰਦੇ ਹੋਏ ਸੁਣੇ ਗਏ। ਉੱਥੇ ਹੀ ਇਕ ਪ੍ਰੈੱਸਵਾਰਤਾ ’ਚ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਟਰੰਪ ਕਹਿ ਕੇ ਸੰਬੋਧਨ ਕੀਤਾ।

ਪੁਤਿਨ ਨਾਲ ਇਸ ਵੇਲੇ ਗੱਲ ਕਰਨ ਦਾ ‘ਕੋਈ ਵਾਜਿਬ’ ਕਾਰਨ ਨਹੀਂ

ਬਾਈਡੇਨ ਨੇ ਕਿਹਾ ਕਿ ਜਦੋਂ ਤੱਕ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਵਿਵਹਾਰ ’ਚ ਬਦਲਾਅ ਨਹੀਂ ਲਿਆਉਂਦੇ, ਉਨ੍ਹਾਂ ਕੋਲ ਰੂਸ ਦੇ ਰਾਸ਼ਟਰਪਤੀ ਨਾਲ ਗੱਲ ਕਰਨ ਦਾ ‘ਕੋਈ ਵਾਜਿਬ’ ਕਾਰਨ ਨਹੀਂ ਹੈ। ਬਾਈਡੇਨ ਨੇ ਕਿਹਾ ਕਿ ਕੀ ਪੁਤਿਨ ਗੱਲ ਕਰਨ ਲਈ ਤਿਆਰ ਹਨ? ਮੈਂ ਪੁਤਿਨ ਨਾਲ ਗੱਲ ਕਰਨ ਲਈ ਤਿਆਰ ਨਹੀਂ...।

ਉਨ੍ਹਾਂ ਕਿਹਾ ਕਿ ਇਸ ਲੜਾਈ ’ਚ ਜਿਸ ਨੂੰ ਉਨ੍ਹਾਂ ਨੇ ਕਥਿਤ ਤੌਰ ’ਤੇ ਜਿੱਤ ਲਿਆ ਹੈ, ਮੈਨੂੰ ਸਟੀਕ ਗਿਣਤੀ ਦਾ ਪਤਾ ਨਹੀਂ ਪਰ ਲੱਗਦਾ ਹੈ ਕਿ ਰੂਸ ਨੇ ਯੂਕ੍ਰੇਨ ਦਾ 17.3 ਫ਼ੀਸਦੀ ਹਿੱਸਾ ਜਿੱਤ ਲਿਆ ਸੀ, ਹੁਣ ਇਹ 17.4 ਫ਼ੀਸਦੀ ਹੈ।


author

Harinder Kaur

Content Editor

Related News