ਕੈਨੇਡਾ ''ਚ ਬਹੁ-ਮੰਜ਼ਲਾ ਇਮਾਰਤ ਤੋਂ ਹੇਠਾਂ ਡਿੱਗਿਆ ਭਾਰਤੀ ਵਿਦਿਆਰਥੀ, ਹੋਈ ਮੌਤ
Tuesday, Nov 10, 2020 - 04:12 PM (IST)
ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਇਕ ਭਾਰਤੀ ਵਿਦਿਆਰਥੀ ਦੀ ਦੁਰਘਟਨਾ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਬਹੁਮੰਜ਼ਲਾ ਇਮਾਰਤ ਤੋਂ ਡਿੱਗ ਗਿਆ। ਮ੍ਰਿਤਕ ਦੀ ਪਛਾਣ 19 ਸਾਲਾ ਪਾਣਿਅਮ ਅਖਿਲ ਵਜੋਂ ਹੋਈ ਹੈ, ਜੋ ਕੈਨੇਡਾ ਵਿਚ ਹੋਟਲ ਮੈਨਜਮੈਂਟ ਦਾ ਕੋਰਸ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਉਹ ਹੈਦਰਾਬਾਦ ਦਾ ਰਹਿਣ ਵਾਲਾ ਸੀ ਤੇ ਪਿਛਲੇ ਮਹੀਨੇ ਹੀ ਵਾਪਸ ਫਿਰ ਕੈਨੇਡਾ ਗਿਆ ਸੀ।
ਅਖਿਲ ਦੇ ਪਰਿਵਾਰ ਨੂੰ ਉਸ ਦੇ ਦੋਸਤਾਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਅਖਿਲ ਆਪਣਾ ਪਹਿਲਾ ਸਮੈਸਟਰ ਪੂਰਾ ਕਰਕੇ 20 ਮਾਰਚ ਨੂੰ ਆਪਣੇ ਘਰ ਪੁੱਜਾ ਸੀ ਤੇ 5 ਅਕਤੂਬਰ ਨੂੰ ਵਾਪਸ ਕੈਨੇਡਾ ਚਲਾ ਗਿਆ ਸੀ।
ਰਿਪੋਰਟਾਂ ਮੁਤਾਬਕ ਇਮਾਰਤ ਦੀ 27ਵੀਂ ਮੰਜ਼ਲ 'ਤੇ ਸਥਿਤ ਆਪਣੇ ਕਮਰੇ ਦੀ ਬਾਲਕਨੀ ਵਿਚ ਇਸ ਮਹੀਨੇ ਦੀ 8 ਤਾਰੀਖ਼ ਨੂੰ ਤੜਕੇ ਫੋਨ 'ਤੇ ਗੱਲ ਕਰਦੇ ਹੋਏ ਅਖਿਲ ਫਿਸਲ ਗਿਆ ਤੇ ਡਿੱਗਦੇ ਸਾਰ ਹੀ ਉਸ ਦੀ ਮੌਤ ਹੋ ਗਈ। ਅਖਿਲ ਦੇ ਦੋਸਤਾਂ ਨੇ ਉਸ ਦੇ ਮਾਂ-ਬਾਪ ਨੂੰ ਇਹ ਜਾਣਕਾਰੀ ਦਿੱਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਨੇਡਾ ਵਿਚ ਸਥਿਤ ਭਾਰਤੀ ਕੌਂਸਲੇਟ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪਰਿਵਾਰ ਨੇ ਅਖਿਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਅਪੀਲ ਕੀਤੀ ਹੈ।