ਪਾਕਿਸਤਾਨ ਅਤੇ ਈਰਾਨ ਨੇ ਸੈਂਕੜੇ ਅਫਗਾਨ ਸ਼ਰਨਾਰਥੀ ਨੂੰ ਦਿੱਤਾ ਦੇਸ਼ ਨਿਕਾਲਾ
Sunday, Mar 02, 2025 - 02:08 PM (IST)

ਕਾਬੁਲ (ਏਜੰਸੀ)- ਪਾਕਿਸਤਾਨ ਅਤੇ ਈਰਾਨ ਨੇ 21-28 ਫਰਵਰੀ ਦੇ ਵਿਚਕਾਰ ਲਗਭਗ 613 ਅਫਗਾਨ ਪ੍ਰਵਾਸੀ ਪਰਿਵਾਰਾਂ ਨੂੰ ਦੇਸ਼ ਨਿਕਾਲਾ ਦਿੰਦੇ ਹੋਏ ਅਫਗਾਨਿਸਤਾਨ ਵਾਪਸ ਭੇਜ ਦਿੱਤਾ। ਕਾਬੁਲ ਦੇ ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਰਿਪੋਰਟ ਦਿੱਤੀ। ਅਫਗਾਨਿਸਤਾਨ ਦੇ ਅਮੂ ਟੀਵੀ ਦੁਆਰਾ ਦਿੱਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਈਰਾਨ ਨੇ 501 ਪਰਿਵਾਰਾਂ, ਜਦੋਂਕਿ ਪਾਕਿਸਤਾਨ ਨੇ 112 ਪਰਿਵਾਰਾਂ ਨੂੰ ਦੇਸ਼ ਨਿਕਾਲਾ ਦਿੱਤਾ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਟੋਲੋ ਨਿਊਜ਼ ਨਾਲ ਗੱਲ ਕਰਦੇ ਹੋਏ, ਅਫਗਾਨਿਸਤਾਨ ਵਿੱਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCR) ਦੇ ਪ੍ਰਤੀਨਿਧੀ, ਅਰਾਫਾਤ ਜਮਾਲ ਨੇ ਕਿਹਾ ਕਿ 2024 ਵਿੱਚ 2.1 ਮਿਲੀਅਨ ਤੋਂ ਵੱਧ ਅਫਗਾਨ ਸ਼ਰਨਾਰਥੀ ਅਫਗਾਨਿਸਤਾਨ ਵਾਪਸ ਪਰਤ ਆਏ।
ਪਾਕਿਸਤਾਨ ਅਤੇ ਈਰਾਨ ਤੋਂ ਜ਼ਬਰਦਸਤੀ ਦੇਸ਼ ਨਿਕਾਲੇ 'ਤੇ ਟਿੱਪਣੀ ਕਰਦੇ ਹੋਏ ਜਮਾਲ ਨੇ ਕਿਹਾ, "ਸਾਨੂੰ ਉਨ੍ਹਾਂ ਦੇਸ਼ਾਂ ਅਤੇ ਅਫਗਾਨਿਸਤਾਨ ਨਾਲ ਮਿਲ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਇੱਕ ਯੋਜਨਾਬੱਧ ਤਰੀਕੇ ਅਤੇ ਇਕ ਅਜਿਹੇ ਤਰੀਕੇ ਨਾਲ ਘਰ ਪਰਤਣ, ਜੋ ਅਫਗਾਨਿਸਤਾਨ ਦੇ ਅੰਦਰ ਸਥਿਰਤਾ, ਆਰਥਿਕ ਵਿਕਾਸ ਅਤੇ ਸ਼ਾਂਤੀ ਵਿੱਚ ਯੋਗਦਾਨ ਦੇਵੇ, ਇਹ ਸਾਡੀ ਅਪੀਲ ਹੈ।" ਉਨ੍ਹਾਂ ਨੇ ਅਧਿਕਾਰੀਆਂ ਨੂੰ ਅੱਗੇ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਸਨਮਾਨ ਨਾਲ ਪੇਸ਼ ਆਉਣ। ਆਪਣੇ ਦੇਸ਼ ਵਿੱਚ ਜੰਗ ਅਤੇ ਸੰਘਰਸ਼ ਤੋਂ ਭੱਜ ਕੇ, ਅਫਗਾਨਿਸਤਾਨ ਦੇ ਪ੍ਰਵਾਸੀਆਂ ਨੇ ਕਈ ਦਹਾਕਿਆਂ ਤੋਂ ਮੁੱਖ ਤੌਰ 'ਤੇ ਪਾਕਿਸਤਾਨ ਅਤੇ ਈਰਾਨ ਵਿੱਚ ਸ਼ਰਨ ਲਈ ਹੈ। ਅਫਗਾਨਿਸਤਾਨ ਵਿੱਚ ਵਧ ਰਹੇ ਭੋਜਨ ਸੰਕਟ ਅਤੇ ਅਸਥਿਰਤਾ ਦੇ ਵਿਚਕਾਰ ਅਫਗਾਨ ਸ਼ਰਨਾਰਥੀਆਂ ਦੀ ਵਾਪਸੀ ਉਨ੍ਹਾਂ ਦੀ ਦੁਬਿਧਾ ਵਿੱਚ ਹੋਰ ਵਾਧਾ ਕਰੇਗੀ।