ਕੈਨੇਡਾ ਨੇ ਕੀਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਯੂ.ਐਨ

08/19/2018 7:51:35 PM

ਓਟਵਾ (ਏਜੰਸੀ)- ਫੈਡਰਲ ਸਰਕਾਰ ਸੰਯੁਕਤ ਰਾਸ਼ਟਰ ਕਮੇਟੀ ਦੇ ਉਸ ਫੈਸਲੇ ਦਾ ਮੁਲਾਂਕਣ ਕਰ ਰਹੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਨੇ ਦਸਤਾਵੇਜ਼ਾਂ ਤੋਂ ਬਿਨਾਂ ਇਕ ਅਨਿਯਮਿਤ ਮਾਈਗ੍ਰੈਂਟ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਜਿਸ ਨੂੰ ਲੋੜੀਂਦੀ ਹੈਲਥ ਕੇਅਰ ਦੇਣ ਤੋਂ ਮਨਾਂ ਕਰ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੀ ਕਮੇਟੀ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਨੀਲ ਟੌਸੈਂਟ ਨਾਂ ਦੀ ਮਹਿਲਾ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਜਿਸ ਦੀ ਸਿਹਤ ਖਰਾਬ ਹੋ ਚੁੱਕੀ ਹੈ ਤੇ ਉਸ ਨੂੰ ਮੈਡੀਕਲ ਟਰੀਟਮੈਂਟ ਦੀ ਲੋੜ ਹੈ।

ਕਮੇਟੀ ਨੇ ਅੱਗੇ ਆਖਿਆ ਕਿ ਕੈਨੇਡੀਅਨ ਸਰਕਾਰ ਨੂੰ ਆਪਣੇ ਉਸ ਕਾਨੂੰਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ, ਜਿਸ ਤਹਿਤ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਨਿਯਮਿਤ ਮਾਈਗ੍ਰੈਂਟਸ ਨੂੰ ਵੀ ਲੋੜੀਂਦੀ ਸਿਹਤ ਸੰਭਾਲ ਮੁਹੱਈਆ ਕਰਵਾਈ ਜਾਵੇ। ਟੌਸੈਂਟ 1999 ਵਿਚ ਗ੍ਰੇਨਾਡਾ ਤੋਂ ਕੈਨੇਡਾ ਆਈ ਸੀ ਪਰ ਕੈਨੇਡਾ ਵਿਚ ਕੰਮ ਕਰਨ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਉਹ ਨੌਕਰੀ ਮਿਲਣ ਤੋਂ ਬਾਅਦ ਇਥੇ ਹੀ ਰਹਿ ਗਈ। ਉਸ ਨੇ ਕਈ ਸਾਲਾਂ ਤੱਕ ਕਈ ਤਰ੍ਹਾਂ ਦੀਆਂ ਅਸਥਾਈ ਨੌਕਰੀਆਂ ਕੀਤੀਆਂ ਫਿਰ ਉਸ ਨੇ ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ।

ਪਰ ਇਹ ਪ੍ਰਕਿਰਿਆ ਵਿੱਤੀ ਸੰਘਰਸ਼ ਤੇ ਉਸ ਦੀ ਵਿਗੜਦੀ ਹੋਈ ਹਾਲਤ ਕਾਰਨ ਅੱਗੇ ਪੈਂਦੀ ਗਈ। ਉਸ ਨੂੰ ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਤਾਂ ਮਿਲਿਆ ਪਰ ਉਸ ਦੇ ਬਲੱਡ ਟੈਸਟ ਤੇ ਮੈਡੀਕਲ ਪ੍ਰਕਿਰਿਆ ਵਿਚ ਇਸ ਲਈ ਵੀ ਦੇਰ ਹੋਈ ਕਿਉਂਕਿ ਉਸ ਕੋਲ ਹੈਲਥ ਕਾਰਡ ਨਹੀਂ ਸੀ ਤੇ ਉਹ ਆਪਣੀ ਜੇਬ ਵਿਚੋਂ ਇਲਾਜ ਦੇ ਪੈਸੇ ਨਹੀਂ ਦੇ ਸਕਦੀ ਸੀ। ਇਹ ਸਾਰੀ ਗੱਲ ਉਸ ਨੇ ਫੈਡਰਲ ਕੋਰਟ ਵਿਚ ਦਿੱਤੇ ਹਲਫਨਾਮੇ ਵਿਚ ਦੱਸੀ। 2009 ਵਿਚ ਟੌਸੈਂਟ ਨੇ ਇੰਟੈਰਿਮ ਫੈਡਰਲ ਹੈਲਥ ਪ੍ਰੋਗਰਾਮ (ਆਈ.ਐਫ.ਐਚ.ਪੀ.) ਲਈ ਅਪਲਾਈ ਕੀਤਾ, ਜਿਸ ਤਹਿਤ ਰਫਿਊਜੀਜ਼ ਲਈ ਜਾਂ ਕੈਨੇਡਾ ਵਿਚ ਰਫਿਊਜੀ ਸਟੇਟਸ ਚਾਹੁਣ ਵਾਲਿਆਂ ਲਈ ਕੁਝ ਮੈਡੀਕਲ ਸਰਵਿਸਿਜ਼ ਹੀ ਕਵਰ ਕੀਤੀਆਂ ਜਾਂਦੀਆਂ ਹਨ। ਟੌਸੈਂਟ ਦਾ ਰਫਿਊਜੀ ਕਲੇਮ ਵੀ ਐਕਟਿਵ ਨਹੀਂ ਸੀ ਤੇ ਉਹ ਬਿਨਾਂ ਦਸਤਾਵੇਜ਼ਾਂ ਤੋਂ ਹੀ ਕੈਨੇਡਾ ਵਿਚ ਰਹਿ ਰਹੀ ਸੀ, ਇਸ ਲਈ ਇਸ ਪ੍ਰੋਗਰਾਮ ਤਹਿਤ ਪਹੁੰਚ ਦੇਣ ਤੋਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ।

ਉਸ ਨੇ ਫੈਡਰਲ ਕੋਰਟ ਤੇ ਫੈਡਰਲ ਕੋਰਟ ਆਫ ਅਪੀਲ ਵਿਚ ਇਸ ਨੂੰ ਚੁਣੌਤੀ ਦਿੱਤੀ ਪਰ ਅਸਫਲ ਰਹੀ। ਆਪਣੇ ਫੈਸਲੇ ਵਿਚ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕਮੇਟੀ ਨੇ ਪਾਇਆ ਕਿ ਇੰਟਰਨੈਸ਼ਨਲ ਕੋਵੇਨੈਂਟ ਆਨ ਸਿਵਲ ਐਂਡ ਪੁਲੀਟੀਕਲ ਰਾਈਟਸ ਤਹਿਤ ਗੈਰ ਕਾਨੂੰਨੀ ਪਰਜੀਵੀਆਂ ਨੂੰ ਵੀ ਜ਼ਿੰਦਗੀ ਜਿਉਣ ਦਾ ਹੱਕ ਹੈ।


Related News