'ਟਾਇਟੈਨਿਕ' ਵੇਖਣ ਗਈ ਪਣਡੁੱਬੀ ਦਾ ਮਿਲਿਆ ਮਲਬਾ, 'ਮਨੁੱਖੀ ਅਵਸ਼ੇਸ਼' ਵੀ ਬਰਾਮਦ (ਵੇਖੋ ਤਸਵੀਰਾਂ)
Thursday, Jun 29, 2023 - 03:13 PM (IST)

ਵਾਸ਼ਿੰਗਟਨ (ਵਾਰਤਾ)- ਯੂ.ਐੱਸ. ਕੋਸਟ ਗਾਰਡ ਦਾ ਮੰਨਣਾ ਹੈ ਕਿ ਲਾਪਤਾ ਟਾਈਟਨ ਪਣਡੁੱਬੀ ਦੇ ਮਿਲੇ ਮਲਬੇ ਵਿਚ ਉਸ ਵਿਚ ਸਵਾਰ ਲੋਕਾਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਵੀ ਹਨ। ਅਮਰੀਕੀ ਕੋਸਟ ਗਾਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਡਾਕਟਰੀ ਪੇਸ਼ੇਵਰ ਘਟਨਾ ਵਾਲੀ ਥਾਂ 'ਤੇ ਪਣਡੁੱਬੀ ਦੇ ਮਲਬੇ ਦੇ ਅੰਦਰੋਂ ਸਾਵਧਾਨੀ ਨਾਲ ਬਰਾਮਦ ਕੀਤੇ ਗਏ "ਮਨੁੱਖੀ ਅਵਸ਼ੇਸ਼ਾਂ" ਦਾ ਰਸਮੀ ਵਿਸ਼ਲੇਸ਼ਣ ਕਰਨਗੇ। ਤੱਟ ਰੱਖਿਅਕ ਅਧਿਕਾਰੀਆਂ ਨੇ ਪਿਛਲੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਲਾਪਤਾ ਪਣਡੁੱਬੀ ਵਿਚ ਟਾਇਟੈਨਿਕ ਦੇ ਮਲਬੇ ਦੇ ਨੇੜੇ ਧਮਾਕਾ ਹੋ ਗਿਆ ਸੀ, ਜਿਸ ਵਿੱਚ ਸਵਾਰ ਸਾਰੇ 5 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: ਭਿਆਨਕ ਟੱਕਰ ਮਗਰੋਂ ਲੀਹੋਂ ਲੱਥੀ ਟਰੇਨ, ਚਕਨਾਚੂਰ ਹੋਇਆ ਟਰੱਕ, ਡੇਢ ਦਰਜਨ ਦੇ ਕਰੀਬ ਯਾਤਰੀ ਜ਼ਖ਼ਮੀ
ਓਸ਼ਨਗੇਟ ਕੰਪਨੀ ਨੇ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਪਣਡੁੱਬੀ ਟੂਰ ਪ੍ਰੋਜੈਕਟ ਸ਼ੁਰੂ ਕੀਤਾ ਸੀ, ਜਿਸ ਦੀ ਟਿਕਟ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਇਸ ਹਾਦਸੇ ਵਿੱਚ ਇਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟਾਕਟਨ ਰਸ਼ ਦੀ ਵੀ ਮੌਤ ਹੋ ਗਈ ਸੀ। ਯਾਤਰੀਆਂ ਵਿੱਚ ਪਾਕਿਸਤਾਨੀ ਮੂਲ ਦੇ ਪ੍ਰਿੰਸ ਦਾਊਦ ਅਤੇ ਉਨ੍ਹਾਂ ਦਾ ਪੁੱਤਰ ਸੁਲੇਮਾਨ ਦਾਊਦ, ਹਾਮਿਸ਼ ਹਾਰਡਿੰਗ ਅਤੇ ਪਾਲ-ਹੇਨਰੀ ਨਰਗਿਓਲੇਟ ਸ਼ਾਮਲ ਸਨ। ਇੱਕ ਬਿਆਨ ਅਨੁਸਾਰ, ਯੂ.ਐੱਸ. ਕੋਸਟ ਗਾਰਡ ਨੂੰ ਘਟਨਾ ਸਥਾਨ 'ਤੇ ਸਮੁੰਦਰੀ ਤੱਟ ਤੋਂ ਮਲਬਾ ਅਤੇ ਸਬੂਤ ਬਰਾਮਦ ਹੋਏ। ਪਣਡੁੱਬੀ ਦੇ ਵੱਡੇ ਟੁਕੜਿਆਂ ਨੂੰ ਬੁੱਧਵਾਰ ਨੂੰ ਸੇਂਟ ਜੌਨਜ਼ ਨਿਊਫਾਊਂਡਲੈਂਡ ਲਿਜਾਇਆ ਗਿਆ।
ਏਜੰਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਵਾਲ ਜਾਂਚ ਏਜੰਸੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਮਰੀਨ ਬੋਰਡ ਆਫ ਇਨਵੈਸਟੀਗੇਸ਼ਨ (ਐੱਮ.ਬੀ.ਆਈ.) ਦਾ ਇਰਾਦਾ ਹੈ ਕਿ ਯੂ.ਐੱਸ. ਕੋਸਟ ਗਾਰਡ ਲਾਪਤਾ ਪਣਡੁੱਬੀ ਦੇ ਸਬੂਤਾਂ ਨੂੰ ਅਮਰੀਕੀ ਬੰਦਰਗਾਹ ਤੱਕ ਲਿਜਾਏ, ਜਿੱਥੇ ਐੱਮ.ਬੀ.ਆਈ. ਹੋਰ ਵਿਸ਼ਲੇਸ਼ਣ ਅਤੇ ਜਾਂਚ ਦੀ ਸਹੂਲਤ ਦੇਵੇਗਾ। ਐੱਮ.ਬੀ.ਆਈ. ਦੇ ਪ੍ਰਧਾਨ ਕੈਪਟਨ ਜੇਸਨ ਨਿਊਬਾਉਰ ਨੇ ਪ੍ਰੈਸ ਬਿਆਨ ਵਿੱਚ ਕਿਹਾ, 'ਮੈਂ ਇਨ੍ਹਾਂ ਮਹੱਤਵਪੂਰਨ ਸਬੂਤਾਂ ਨੂੰ ਇੰਨੀ ਡੂੰਘਾਈ ਵਿਚ ਸੁਰੱਖਿਅਤ ਢੰਗ ਨਾਲ ਇਕੱਤਰ ਕਰਨ ਲਈ ਤਾਲਮੇਲ ਵਾਲੇ ਅੰਤਰਰਾਸ਼ਟਰੀ ਅਤੇ ਅੰਤਰ-ਏਜੰਸੀ ਸਮਰਥਨ ਲਈ ਧੰਨਵਾਦੀ ਹਾਂ।' ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਪੇਲਾਜਿਕ ਰਿਸਰਚ ਸਰਵਿਸਿਜ਼ ਨੇ ਇਕ ਟਵੀਟ 'ਚ ਕਿਹਾ ਕਿ ਸਾਡੀ ਟੀਮ ਨੇ ਪਾਣੀ ਦੇ ਅੰਦਰ ਦਾ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ, ਪਰ ਅਜੇ ਵੀ ਮਿਸ਼ਨ 'ਤੇ ਹੈ। ਕੰਪਨੀ ਨੇ ਕਿਹਾ ਕਿ ਇਸ ਆਪਰੇਸ਼ਨ 'ਚ ਟੀਮ ਦੇ ਮੈਂਬਰ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦੇ ਬਾਵਜੂਦ 10 ਦਿਨਾਂ ਤੋਂ 24 ਘੰਟੇ ਕੰਮ ਕਰ ਰਹੇ ਹਨ।