''ਹਾਊਸ ਜਨਵਰੀ 6 ਕਮੇਟੀ'' ਨੇ ਟਰੰਪ ਦੇ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਉਣ ਦੀ ਕੀਤੀ ਅਪੀਲ
Tuesday, Dec 20, 2022 - 01:19 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸੰਸਦ ਕੰਪਲੈਕਸ (ਕੈਪੀਟਲ ਹਿੱਲ) 'ਤੇ 2021 ਵਿਚ ਹੋਏ ਹਮਲੇ ਦੀ ਜਾਂਚ ਕਰ ਰਹੀ 'ਹਾਊਸ ਜਨਵਰੀ 6 ਕਮੇਟੀ' ਨੇ ਸੋਮਵਾਰ ਨੂੰ ਨਿਆਂ ਮੰਤਰਾਲਾ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਅਪਰਾਧਿਕ ਦੋਸ਼ ਲਗਾਉਣ ਦੀ ਅਪੀਲ ਕੀਤੀ। ਕਮੇਟੀ ਨੇ ਸਾਬਕਾ ਰਾਸ਼ਟਰਪਤੀ ਦੀ ਜਵਾਬਦੇਹੀ ਤੈਅ ਕਰਨ ਦੀ ਵੀ ਤਾਕੀਦ ਕੀਤੀ। ਕਾਂਗਰਸ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਕਮੇਟੀ ਨੇ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਅਪਰਾਧਿਕ ਦੋਸ਼ਾਂ ਦੀ ਸਿਫ਼ਾਰਸ਼ ਕੀਤੀ। ਕਮੇਟੀ ਵਿੱਚ 7 ਡੈਮੋਕਰੇਟਸ ਅਤੇ 2 ਰਿਪਬਲਿਕਨ ਸੰਸਦ ਮੈਂਬਰ ਸ਼ਾਮਲ ਹਨ।
ਕਮੇਟੀ ਨੇ ਆਪਣੀ ਅੰਤਮ ਰਿਪੋਰਟ ਦਾ ਇੱਕ ਲੰਮਾ ਸਾਰ ਵੀ ਜਾਰੀ ਕੀਤਾ, ਜਿਸ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਟਰੰਪ ਨੇ ਚੋਣ ਨਤੀਜਿਆਂ ਨੂੰ ਪਲਟਣ ਲਈ "ਵਿਆਪਕ ਪੱਧਰ 'ਤੇ ਸਾਜ਼ਿਸ਼ ਰਚੀ।" ਜ਼ਿਕਰਯੋਗ ਹੈ ਕਿ ਟਰੰਪ ਨੇ 3 ਨਵੰਬਰ, 2020 ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਹਾਰ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਚੋਣਾਂ 'ਚ ਧੋਖਾਧੜੀ ਦੇ ਦੋਸ਼ ਲਗਾਏ ਸਨ। ਟਰੰਪ ਦੇ ਇਨ੍ਹਾਂ ਦੋਸ਼ਾਂ ਵਿਚਾਲੇ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ ਨੂੰ ਸੰਸਦ ਭਵਨ ਕੰਪਲੈਕਸ 'ਚ ਕਥਿਤ ਤੌਰ 'ਤੇ ਹਿੰਸਾ ਕੀਤੀ ਸੀ।
ਕਮੇਟੀ ਨੇ ਜਿਨ੍ਹਾਂ 4 ਦੋਸ਼ਾਂ ਤਹਿਤ ਟਰੰਪ 'ਤੇ ਮੁਕੱਦਮਾ ਚਲਾਉਣ ਦੀ ਅਪੀਲ ਹੈ ਉਹ ਅਧਿਕਾਰਤ ਕਾਰਵਾਈਆਂ ਵਿਚ ਰੁਕਾਵਟ, ਅਮਰੀਕਾ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚਨ, ਝੂਠੇ ਬਿਆਨ ਦੇਣਾ ਅਤੇ ਬਗਾਵਤ ਨੂੰ ਭੜਕਾਉਣਾ ਜਾਂ ਉਸ ਵਿਚ ਸਹਾਇਤਾ ਕਰਨਾ ਹੈ। ਹਾਲਾਂਕਿ ਕਮੇਟੀ ਦੇ ਸੁਝਾਵਾਂ ਨੂੰ ਲੈ ਕੇ ਨਿਆਂ ਮੰਤਰਾਲਾ 'ਤੇ ਕਾਨੂੰਨੀ ਕਾਰਵਾਈ ਦਾ ਕੋਈ ਦਬਾਅ ਨਹੀਂ ਹੈ, ਕਿਉਂਕਿ ਸੰਘੀ ਵਕੀਲ ਪਹਿਲਾਂ ਤੋਂ ਹੀ ਆਪਣੀ ਜਾਂਚ ਕਰ ਰਹੇ ਹਨ ਅਤੇ ਉਹ ਹੀ ਟਰੰਪ ਖ਼ਿਲਾਫ਼ ਮੁਕੱਦਮਾ ਚਲਾਉਣ ਨੂੰ ਲੈ ਕੇ ਅੰਤਿਮ ਫੈਸਲਾ ਕਰਨਗੇ।