ਅਮਰੀਕੀ ਸਦਨ ਨੇ ਕੋਰੋਨਾ ਰਾਹਤ ਪੈਕੇਜ ਰਾਸ਼ੀ ਵਧਾਉਣ ਦੇ ਹੱਕ "ਚ ਪਾਈ ਵੋਟ
Wednesday, Dec 30, 2020 - 08:13 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਮਹਾਮਾਰੀ ਦੌਰਾਨ ਅਮਰੀਕਾ ਵਾਸੀਆਂ ਨੂੰ ਆਰਥਿਕ ਸਹਾਇਤਾ ਦੇਣ ਵਾਲਾ ਰਾਹਤ ਪੈਕੇਜ ਜੋ ਕਿ ਰਾਸ਼ਟਰਪਤੀ ਦੁਆਰਾ ਪਾਸ ਕੀਤਾ ਗਿਆ ਹੈ, ਦੀ ਮਦਦ ਰਾਸ਼ੀ ਵਧਾਉਣ ਸੰਬੰਧੀ ਸੰਸਦ ਮੈਂਬਰਾਂ ਨੂੰ ਅਪੀਲ ਕਰਨ ਤੋਂ ਬਾਅਦ ਸਯੁੰਕਤ ਰਾਜ ਦੇ ਪ੍ਰਤੀਨਿਧੀਆਂ ਨੇ ਸੋਮਵਾਰ ਹੱਕ ਵਿਚ ਵੋਟ ਦਿੱਤੀ ਹੈ।
ਇਹ ਬਿੱਲ ਕੋਰੋਨਾ ਵਾਇਰਸ ਰਾਹਤ ਪੈਕੇਜ ਵਿਚ ਸਿੱਧੀ ਅਦਾਇਗੀ ਨੂੰ 600 ਡਾਲਰ ਤੋਂ 2000 ਡਾਲਰ ਤੱਕ ਵਧਾਏਗਾ। ਇਹ ਵੋਟਿੰਗ ਟਰੰਪ ਦੁਆਰਾ ਰਾਹਤ ਅਤੇ ਸਰਕਾਰੀ ਖਰਚਿਆਂ ਦੇ ਬਿੱਲ ਤੇ ਦਸਤਖ਼ਤ ਕਰਨ ਦੇ ਇਕ ਦਿਨ ਬਾਅਦ ਹੋਈ ਹੈ।ਇਸ ਤੋਂ ਪਹਿਲਾਂ ਹਾਊਸ ਰੀਪਬਲਿਕਨਜ਼ ਨੇ ਡੈਮੋਕ੍ਰੇਟਸ ਵੱਲੋਂ ਇਕ ਸੰਖੇਪ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਪੇਸ਼ ਕੀਤੇ ਗਏ 2,000 ਡਾਲਰ ਦੇ ਚੈੱਕਾਂ ਸੰਬੰਧੀ ਬਿੱਲ ਦੇ ਪ੍ਰਸਤਾਵ ਨੂੰ 24 ਦਸੰਬਰ ਦੇ ਦਿਨ ਰੋਕ ਦਿੱਤਾ ਸੀ ਕਿਉਂਕਿ ਹਾਊਸ ਘੱਟ ਗਿਣਤੀ ਦੇ ਨੇਤਾ ਕੇਵਿਨ ਮੈਕਕਾਰਥੀ ਜੋ ਕਿ ਇਕ ਰੀਪਬਲਿਕਨ ਹਨ, ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।
ਇਸ ਦੇ ਬਾਅਦ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਸੋਮਵਾਰ ਨੂੰ ਸਦਨ ਵਿਚ ਇਸ ਸੰਬੰਧੀ ਵਾਪਸ ਸੈਸ਼ਨ ਕਰਨ ਦੀ ਗੱਲ ਕਹੀ ਸੀ। ਇਕ ਰਿਪੋਰਟ ਅਨੁਸਾਰ, ਬਿੱਲ ਨੂੰ ਸਦਨ ਦੀ ਪ੍ਰਕਿਰਿਆ ਤਹਿਤ ਪਾਸ ਕਰਨ ਲਈ ਦੋ-ਤਿਹਾਈ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਚੈਂਬਰ ਨੂੰ ਕਾਨੂੰਨਾਂ 'ਤੇ ਵਧੇਰੇ ਤੇਜ਼ੀ ਨਾਲ ਵੋਟ ਪਾਉਣ ਦੀ ਆਗਿਆ ਮਿਲਦੀ ਹੈ। ਇਸ ਲਈ ਸਦਨ ਨੇ ਸੋਮਵਾਰ ਸ਼ਾਮ ਨੂੰ ਇਸ ਬਿੱਲ ਨੂੰ ਪਾਸ ਕਰਨ ਲਈ ਵੋਟ ਦਿੱਤੀ, ਜਿਸ ਵਿਚ 275 ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਜਦਕਿ ਦੋ ਡੈਮੋਕ੍ਰੇਟਸ ਸਣੇ 134 ਮੈਬਰਾਂ ਨੇ ਇਸ ਦੇ ਵਿਰੁੱਧ ਵੋਟ ਪਾਈ।
ਇਸ ਤੋਂ ਅਗਲੀ ਕਾਰਵਾਈ ਲਈ ਬਿੱਲ ਵਿਚਲੀ ਸਿੱਧੀ ਸਹਾਇਤਾ ਰਾਸ਼ੀ ਨੂੰ 2000 ਡਾਲਰ ਤੱਕ ਕਰਨ ਲਈ ਇਹ ਪ੍ਰਸਤਾਵ ਹੁਣ ਰੀਪਬਲਿਕਨ ਨਿਯੰਤਰਿਤ ਸੈਨੇਟ ਵੱਲ ਜਾਵੇਗਾ, ਜਿੱਥੇ ਇਸ ਦਾ ਭਵਿੱਖ ਅਸਪੱਸ਼ਟ ਹੈ ਕਿਉਂਕਿ ਇਸ ਸੰਬੰਧੀ ਸ਼ੰਕਾ ਹੈ ਕਿ ਸੈਨੇਟ ਵਿਚ ਰੀਪਬਲਿਕਨ ਇਸ ਸੰਬੰਧੀ ਕੀ ਪ੍ਰਤੀਕਿਰਿਆ ਜਾਹਿਰ ਕਰਨਗੇ।