ਬ੍ਰਿਸਬੇਨ 'ਚ ਉੱਘੇ ਪੱਤਰਕਾਰ ਯਾਦਵਿੰਦਰ ਦਾ ਕੀਤਾ ਗਿਆ ਸਨਮਾਨ

01/01/2018 11:51:11 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਦੋਰੇ 'ਤੇ ਆਏ ਪੰਜਾਬ ਦੇ ਉੱਘੇ ਪੱਤਰਕਾਰ ਯਾਦਵਿੰਦਰ ਕਰਫਿਊ ਦਾ ਰੂਬਰੂ ਅਤੇ ਸਨਮਾਨ ਸਮਾਰੋਹ ਰੇਡੀਓ 'ਹਾਂਜੀ' ਦੇ ਸੰਚਾਲਕ ਰਣਯੋਧ ਸਿੰਘ ਤੇ ਜਰਮਨ ਰੰਧਾਵਾ ਦੇ ਸਹਿਯੋਗ ਦੇ ਨਾਲ ਰੇਡੀਓ ਫੋਰ ਈ. ਬੀ. ਬ੍ਰਿਸਬੇਨ ਵਿਖੇ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਨਿਰਪੱਖ ਤੇ ਨਿਧੜਕ ਪੱਤਰਕਾਰੀ ਲਈ ਜਾਣੇ ਜਾਂਦੇ ਯਾਦਵਿੰਦਰ ਕਰਫਿਊ ਨਾਲ ਟੀ. ਵੀ ਤੇ ਸ਼ੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਉਨ੍ਹਾਂ ਦੇ ਸਰੋਤਿਆਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸੁਰਿੰਦਰਪਾਲ ਸਿੰਘ ਖੁਰਦ ਵਲੋਂ ਯਾਦਵਿੰਦਰ ਕਰਫਿਊ ਦੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਜਾ ਰਹੇ ਉਸਾਰੂ ਯੋਗਦਾਨ 'ਤੇ ਪੰਛੀ ਝਾਤ ਪਾਈ। ਇਸ ਮੌਕੇ 'ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਯਾਦਵਿੰਦਰ ਕਰਫਿਊ ਨੇ ਪੰਜਾਬ ਦੇ ਅਜੋਕੇ ਰਾਜਨੀਤਕ ਤੇ ਸਮਾਜਿਕ ਹਾਲਾਤ ਦੇ ਨਿਘਾਰ ਵੱਲ ਨੂੰ ਜਾਣ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਾਨੂੰ ਖੁਦ ਵੀ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਤੇ ਸੂਫੀ-ਸੰਤਾਂ ਦੀ ਧਰਤੀ ਹੈ। ਇਕ ਸਮਾਂ ਸੀ, ਜਦੋਂ ਪੰਜਾਬ ਨੂੰ ਇੱਕ ਖੁਸ਼ਹਾਲ ਸੂਬੇ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜ ਸਾਡਾ ਅੰਨਦਾਤਾ ਕਿਸਾਨ ਹੀ ਖੁਦਕੁਸ਼ੀਆਂ ਕਰ ਰਿਹਾ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਕਰਫਿਊ ਨੇ ਅੱਗੇ ਕਿਹਾ ਪੰਜਾਬੀ ਭਾਸ਼ਾ ਦਾ ਭਵਿੱਖ ਬਹੁਤ ਸੁਨਹਿਰਾ ਹੈ, ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਉੱਥੇ ਮਾਂ-ਬੋਲੀ ਪੰਜਾਬੀ ਤੇ ਸੱਭਿਆਚਾਰ ਨੂੰ ਸੱਤ ਸਮੁੰਦਰਾਂ ਦੀ ਬੋਲੀ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।ਯਾਦਵਿੰਦਰ ਕਰਫਿਊ ਵਲੋਂ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਬਹੁਤ ਹੀ ਵਧੀਆ ਢੰਗ ਨਾਲ ਸੰਵਾਦ ਕਰ ਕੇ ਪੰਜਾਬ ਦੇ ਪੁਰਾਤਨ ਤੇ ਅਜੋਕੇ ਹਾਲਾਤਾਂ 'ਤੇ ਚਾਨਣਾ ਪਾਇਆ।ਉੱਘੇ ਸਮਾਜਸੇਵੀ ਮਨਜੀਤ ਬੋਪਾਰਾਏ ਵਲੋਂ ਮੀਡੀਆ ਨੂੰ ਨਿਰਪੱਖ ਤੇ ਸੁਤੰਤਰਤਾ ਹੋ ਕੇ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਣ ਦੀ ਗੱਲ ਕੀਤੀ।ਮਾਝਾ ਗਰੁੱਪ ਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਦੇ ਅਹੁਦੇਦਾਰਾਂ ਵਲੋਂ ਯਾਦਵਿੰਦਰ ਕਰਫਿਊ ਦਾ ਨਿਰਪੱਖ ਤੇ ਨਿਧੜਕ ਪੱਤਰਕਾਰੀ ਦੁਆਰਾ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਜਗਜੀਤ ਖੋਸਾ ਵਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।ਸਟੇਜ ਸਕੱਤਰ ਦੀ ਭੁਮਿਕਾ ਦਲਜੀਤ ਸਿੰਘ ਵਲੋ ਬਾਖੂਬੀ ਨਿਭਾਈ ਗਈ।ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜਗਜੀਤ ਖੋਸਾ, ਜਰਮਨ ਰੰਧਾਵਾ, ਲੱਖਾ ਸਿੰਘ, ਮਨਜੀਤ ਸਿੰਘ ਬੋਪਾਰਾਏ, ਜਸਪਾਲ ਸਿੰਘ ਸੰਧੂ, ਸੋਨੀ ਸੈਭੀ,  ਸੋਢੀ ਸਿੰਘ, ਦੀਪਇੰਦਰ ਸਿੰਘ, ਨਗਿੰਦਰ ਧਾਲੀਵਾਲ, ਸਤਵਿੰਦਰ ਟੀਨੂੰ, ਅੰਕੁਸ਼ ਕਟਾਰੀਆ, ਮਲਕੀਤ ਧਾਲੀਵਾਲ, ਸਿਮਰਨ, ਜਤਿੰਦਰ ਢਿੱਲੋ, ਬਲਵਿੰਦਰ ਦੈਹਲਾ, ਪਰਗਟ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਸਮਾਜਸੇਵੀ, ਬੁੱਧੀਜੀਵੀ ਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਸ਼ਖਸ਼ੀਅਤਾਂ ਹਾਜ਼ਰ ਸਨ।


Related News