ਰਾਸ਼ਟਰਪਤੀ ਦੀ ਚਿਤਾਵਨੀ ਤੋਂ ਬੇਪਰਵਾਹ ਹਾਂਗਕਾਂਗ ਦੇ ਹਜ਼ਾਰਾਂ ਲੋਕਤੰਤਰ ਸਮਰਥਕਾਂ ਨੇ ਕੱਢੀ ਰੈਲੀ

11/15/2019 9:43:27 PM

ਹਾਂਗਕਾਂਗ - ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਦੀ ਚਿਤਾਵਨੀ ਦੀ ਪ੍ਰਵਾਹ ਨਾ ਕਰਦੇ ਹੋਏ ਹਾਂਗਕਾਂਗ ਦੇ ਲੋਕਤੰਤਰ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਲਗਾਤਾਰ 5ਵੇਂ ਦਿਨ ਆਪਣੀਆਂ ਮੰਗਾਂ ਸਬੰਧੀ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਕੰਪਲੈਕਸ ਪ੍ਰਦਰਸ਼ਨਕਾਰੀਆਂ ਦਾ ਕੇਂਦਰ ਬਣ ਗਏ ਹਨ। ਪ੍ਰਦਰਸ਼ਨਕਾਰੀਆਂ ਵਲੋਂ ਸੜਕਾਂ ਜਾਮ ਕਰਨ ਅਤੇ ਟਰੇਨ ਦੀ ਭੰਨ-ਤੋੜ ਤੋਂ ਬਾਅਦ ਮੁਅੱਤਲ ਸੇਵਾਵਾਂ ਕਾਰਣ ਇਕ ਵਾਰ ਫਿਰ ਦਫਤਰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਤੰਤਰ ਸਮਰਥਕਾਂ ਨੇ ਸ਼ੁੱਕਰਵਾਰ ਨੂੰ ‘ਦੁਪਹਿਰ ਦਾ ਖਾਣਾ ਤੁਹਾਡੇ ਨਾਲ’ ਮੁਹਿੰਮ ਸ਼ੁਰੂ ਕੀਤੀ, ਜਿਸ ਵਿਚ ਦਫਤਰਾਂ ’ਚ ਕੰਮ ਕਰਨ ਵਾਲੇ ਜ਼ਿਆਦਾਤਰ ਮੁਲਾਜ਼ਮਾਂ ਨੇ ਹਿੱਸਾ ਲਿਆ।

ਉਨ੍ਹਾਂ ਨੇ ਹੱਥ ਚੁੱਕ ਕੇ ਅਤੇ 5 ਉਂਗਲੀਆਂ ਦਿਖਾ ਕੇ ਨਾਅਰੇ ਲਾਏ ਕਿ ‘ਅਸੀਂ ਹਾਂਗਕਾਂਗ ਦੇ ਨਾਲ’ ਹਾਂ। 5 ਉਂਗਲੀਆਂ ਦਾ ਮਤਲਬ 5 ਮੰਗਾਂ ਹਨ, ਜੋ ਲੋਕਤੰਤਰ ਸਮਰਥਕ ਕਰ ਰਹੇ ਹਨ। ਇਨ੍ਹਾਂ ਵਿਚ ਹਾਂਗਕਾਂਗ ਦੇ ਨੇਤਾ ਦੀ ਆਜ਼ਾਦ ਚੋਣ ਅਤੇ ਪੁਲਸ ਸ਼ੋਸ਼ਣ ਦੀ ਆਜ਼ਾਦ ਜਾਂਚ ਸ਼ਾਮਲ ਹੈ। ਮੱਧ ਜ਼ਿਲੇ ’ਚ ਵੋਂਗ ਉਪਨਾਮ ਦੇ ਇਕ 25 ਸਾਲਾ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਜਦੋਂ 20 ਲੱਖ ਲੋਕਾਂ ਨੇ ਸ਼ਾਂਤੀਪੂਰਨ ਮਾਰਚ ਕੱਢਿਆ ਤਾਂ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਜਦੋਂ ਪੁਲਸ ਆਪਣੀ ਤਾਕਤ ਦਾ ਬੇਵਜ੍ਹਾ ਇਸਤੇਮਾਲ ਕਰ ਰਹੀ ਹੈ ਤਾਂ ਸਰਕਾਰ ਮੰਨਦੀ ਹੈ ਕਿ ਪ੍ਰਦਰਸ਼ਨਕਾਰੀ ਹੀ ਸਮੱਸਿਆ ਹਨ।

ਚੀਨ ਦੇ ਰਾਸ਼ਟਰਪਤੀ ਨੇ ਹਾਂਗਕਾਂਗ ਦੀ ਨੇਤਾ ਕੈਰੀ ਲਾਮ ਅਤੇ ਪੁਲਸ ਦਾ ਸਮਰਥਨ ਕੀਤਾ ਅਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ ‘ਇਕ ਦੇਸ਼ ਦੋ ਪ੍ਰਣਾਲੀ’ ਸਿਧਾਂਤ ਲਈ ਖਤਰਾ ਹਨ ਜਿਸਦੇ ਤਹਿਤ ਅਰਧ ਖੁਦ ਮੁਖਤਿਆਰ ਹਾਂਗਕਾਂਗ ’ਚ ਰਾਜ ਹੁੰਦਾ ਹੈ। ਜ਼ਿਕਰਯੋਗ ਹੈ ਕਿ ਹਾਂਗਕਾਂਗ ’ਚ ਪਿਛਲੇ ਜੂਨ ਮਹੀਨੇ ਤੋਂ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। 75 ਲੱਖ ਆਬਾਦੀ ਵਾਲੇ ਸ਼ਹਿਰ ’ਚ ਲੋਕ ਚੀਨ ਦੇ ਸ਼ਾਸਨ ਦੇ ਅਧੀਨ ਲਗਾਤਾਰ ਘੱਟ ਹੁੰਦੀ ਜਾ ਰਹੀ ਆਜ਼ਾਦੀ ਦਾ ਵਿਰੋਧ ਕਰ ਰਹੇ ਹਨ।


Khushdeep Jassi

Content Editor

Related News