ਹਾਂਗਕਾਂਗ ਦੀ ਸਭ ਤੋਂ ਵੱਡੀ ਲੋਕਤੰਤਰ ਸਮਰਥਕ ਪਾਰਟੀ ਭੰਗ
Monday, Dec 15, 2025 - 12:09 AM (IST)
ਹਾਂਗਕਾਂਗ- ਹਾਂਗਕਾਂਗ ਦੀ ਸਭ ਤੋਂ ਵੱਡੀ ਲੋਕਤੰਤਰ ਸਮਰਥਕ ਪਾਰਟੀ ਨੇ 30 ਤੋਂ ਵੱਧ ਸਾਲਾਂ ਦੀ ਸਰਗਰਮੀ ਤੋਂ ਬਾਅਦ ਐਤਵਾਰ ਨੂੰ ਭੰਗ ਹੋਣ ਲਈ ਵੋਟਿੰਗ ਕੀਤੀ। ‘ਡੈਮੋਕ੍ਰੇਟਿਕ ਪਾਰਟੀ’ ਦੇ ਚੇਅਰਮੈਨ ਲੋ ਕਿਨ-ਹਈ ਨੇ ਕਿਹਾ ਕਿ ਪਾਰਟੀ ਨੂੰ ਭੰਗ ਕਰਨ ਦੇ ਪੱਖ ’ਚ ਲੱਗਭਗ 97 ਫੀਸਦੀ ਮੈਂਬਰਾਂ ਨੇ ਵੋਟਿੰਗ ਕੀਤੀ ਅਤੇ ਇਹੀ ਪਾਰਟੀ ਮੈਂਬਰਾਂ ਲਈ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ ਕਿ ਸਮਾਂ ਬਦਲ ਗਿਆ ਹੈ ਅਤੇ ਹੁਣ ਸਾਨੂੰ ਬਹੁਤ ਦੁੱਖ ਨਾਲ ਇਸ ਅਧਿਆਇ ਨੂੰ ਬੰਦ ਕਰਨਾ ਪੈ ਰਿਹਾ ਹੈ। ਲੋ ਨੇ ਪਹਿਲਾਂ ਕਿਹਾ ਸੀ ਕਿ ਪਾਰਟੀ ਨੂੰ ਭੰਗ ਕਰਨ ਦੀ ਦਿਸ਼ਾ ਵੱਲ ਵਧਣ ਦਾ ਫੈਸਲਾ ਮੌਜੂਦਾ ਰਾਜਨੀਤਿਕ ਸਥਿਤੀ ਅਤੇ ਸਮਾਜਿਕ ਵਾਤਾਵਰਣ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲਾਂਕਿ, ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਕੁਝ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਪਾਰਟੀ ਨੂੰ ਖਤਮ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
