ਹਾਂਗਕਾਂਗ ’ਚ ਹਿੰਸਕ ਰੈਲੀ ਹੋਣ ਦਾ ਖਦਸ਼ਾ, ਚੀਨ ਨੇ ਹੋਰ ਫੌਜੀ ਭੇਜੇ

08/29/2019 2:44:45 PM

ਹਾਂਗਕਾਂਗ— ਚੀਨ ਦੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਫੌਜੀਆਂ ਦੀ ਇਕ ਨਵੀਂ ਟੁਕੜੀ ਹਾਂਗਕਾਂਗ ਭੇਜੀ ਹੈ ਜੋ ਇਕ ਨਿਯਮਿਤ ਪ੍ਰਕਿਰਿਆ ਹੈ। ਚੀਨ ਨੇ ਇਹ ਕਦਮ ਹਾਂਗਕਾਂਗ ’ਚ ਨਵੀਂਆਂ ਰੈਲੀਆਂ ਦੀ ਯੋਜਨਾ ਵਿਚਕਾਰ ਚੁੱਕਿਆ ਹੈ। ਸਰਕਾਰੀ ਮੀਡੀਆ ਨੇ ਇਕ ਵੀਡੀਓ ਜਾਰੀ ਕੀਤਾ ਜਿਸ ’ਚ ਬਖਤਰਬੰਦ ਗੱਡੀਆਂ ਅਤੇ ਵਾਹਨ ਹਾਂਗਕਾਂਗ ਸਰਹੱਦ ’ਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।

ਇਕ ਰਿਪੋਰਟ ਮੁਤਾਬਕ,‘‘1997 ਤੋਂ ਹਾਂਗਕਾਂਗ ਦੀ ਰੱਖਿਆ ਕਰਨ ਵਾਲੀ ਚੀਨ ਦੀ ‘ਪੀਪਲਜ਼ ਲਿਬਰੇਸ਼ਨ ਆਰਮੀ’ ਨੇ ਵੀਰਵਾਰ ਸਵੇਰ ਤਕ 22ਵੀਂ ਰੋਟੇਸ਼ਨ (ਫੌਜੀਆਂ ਦੀ ਵਾਰੀ) ਪੂਰੀ ਕਰ ਲਈ।’’ ਹਾਂਗਕਾਂਗ ’ਚ ਪ੍ਰਦਰਸ਼ਨਕਾਰੀ ਸ਼ਨੀਵਾਰ ਨੂੰ ਨਵੀਂ ਰੈਲੀ ਦੀ ਯੋਜਨਾ ਬਣਾ ਰਹੇ ਹਨ ਪਰ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਨਾਲ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਵੀਕਐਂਡ ’ਤੇ ਫਿਰ ਤੋਂ ਝੜਪ ਹੋਣ ਦਾ ਖਦਸ਼ਾ ਹੈ। ਪੁਲਸ ਨੇ ਰੈਲੀ ਪ੍ਰਬੰਧਕਾਂ ‘ਸਿਵਲ ਹਿਊਮਨ ਰਾਈਟਸ ਫਰੰਟ’ ਨੂੰ ਵੀਰਵਾਰ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਕੁੱਝ ਪ੍ਰਦਰਸ਼ਨਕਾਰੀ ਹਿੰਸਾ ਅਤੇ ਚੁੱਪ-ਚਪੀਤੇ ਕਾਰਵਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਂਗਕਾਂਗ ਦੀ ਸਰਕਾਰ ਨੇ ਜਦ ਚੀਨ ਲਈ ਹਵਾਲਗੀ ਨੂੰ ਮਨਜ਼ੂਰੀ ਦੇਣ ਵਾਲੇ ਇਕ ਬਿੱਲ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵਿਰੋਧ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ।


Related News