ਹੋਂਡੁਰਾਸ ਜੇਲ 'ਚ ਝੜਪ, ਮਾਰੇ ਗਏ 18 ਕੈਦੀ
Sunday, Dec 22, 2019 - 02:54 PM (IST)

ਤੇਗੁਸਿਗਲਪਾ (ਭਾਸ਼ਾ): ਹੋਂਡੁਰਾਸ ਦੀ ਜੇਲ ਵਿਚ ਸ਼ੁੱਕਰਵਾਰ ਨੂੰ ਕੈਦੀਆਂ ਵਿਚ ਹਿੰਸਕ ਝੜਪ ਹੋ ਗਈ। ਇਸ ਝੜਪ ਵਿਚ ਘੱਟੋ-ਘੱਟ 18 ਕੈਦੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੁਆ ਦੀ ਰਿਪੋਰਟ ਦੇ ਮੁਤਾਬਕ ਰਾਜਧਾਨੀ ਤੇਗੁਸਿਗਲਪਾ ਤੋਂ ਲੱਗਭਗ 190 ਕਿਲੋਮੀਟਰ ਦੂਰ ਉੱਤਰੀ ਬੰਦਰਗਾਹ ਸ਼ਹਿਰ ਤੇਲਹਾ ਵਿਚ ਇਹ ਲੜਾਈ ਉਦੋਂ ਹੋਈ, ਜਦੋਂ ਸਰਕਾਰ ਨੇ ਆਪਣੀ ਜੇਲ ਪ੍ਰਣਾਲੀ ਵਿਚ ਐਮਰਜੈਂਸੀ ਐਲਾਨੀ ਸੀ।
ਹੋਂਡੁਰਨ ਆਰਮਡ ਫੋਰਸਿਜ਼ ਦੇ ਇਕ ਚੋਟੀ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਹੋਂਡੁਰਨ ਹਥਿਆਰਬੰਦ ਬਲਾਂ ਨੂੰ ਕੈਦੀਆਂ ਦੇ ਵਿਚ ਜਾਨਲੇਵਾ ਸੰਘਰਸ਼ ਦੇ ਬਾਅਦ ਦੇਸ਼ ਦੀਆਂ ਜੇਲਾਂ ਨੂੰ ਚਲਾਉਣ ਲਈ ਰੱਖਿਆ ਗਿਆ ਹੈ। ਰਾਸ਼ਟਰਪਤੀ ਦੇ ਚੀਫ ਆਫ ਸਟਾਫ ਈਬਾਲ ਦਿਆਜ਼ ਨੇ ਕਿਹਾ,''ਅਸੀਂ ਹਾਲ ਹੀ ਦੇ ਦਿਨਾਂ ਵਿਚ ਹਿੰਸਾ ਅਤੇ ਮੌਤ ਦੇ ਇਹਨਾਂ ਕੰਮਾਂ ਨੂੰ ਰੋਕਣ ਲਈ ਮਿਲਟਰੀ ਦਖਲ ਅੰਦਾਜ਼ੀ ਦੀ ਪੁਸ਼ਟੀ ਕਰਦੇ ਹਾਂ। ਅਸੀਂ ਪ੍ਰਣਾਲੀ ਵਿਚ ਸੁਧਾਰ ਕਰਨਾ ਚਾਹੁੰਦੇ ਹਾਂ।'' ਨੈਸ਼ਨਲ ਪੇਨਿਟੇਂਟਰੀ ਇੰਸਟੀਚਿਊਟ ਲਈ ਕੰਮ ਕਰਨ ਵਾਲਿਆਂ ਨੂੰ 6 ਮਹੀਨੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।