ਟੈਰਿਸ ''ਚ ਇਤਿਹਾਸਕ ਬੌਲਿੰਗ ਐਲੀ ਅੱਗ ਨਾਲ ਸੜ ਕੇ ਤਬਾਹ
Thursday, May 21, 2026 - 10:22 PM (IST)
ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੈਰਿਸ ਸ਼ਹਿਰ ਵਿੱਚ ਸਥਿਤ ਇੱਕ ਇਤਿਹਾਸਕ ਬੌਲਿੰਗ ਐਲੀ ਭਿਆਨਕ ਅੱਗ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਘਟਨਾ ਮਗਰੋਂ ਸਥਾਨਕ ਭਾਈਚਾਰੇ ਵਿੱਚ ਗਹਿਰਾ ਦੁੱਖ ਅਤੇ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਬੌਲਿੰਗ ਐਲੀ 1950 ਦੇ ਦਹਾਕੇ ਤੋਂ ਸ਼ਹਿਰ ਦੀ ਇੱਕ ਮਹੱਤਵਪੂਰਨ ਪਹਿਚਾਣ ਮੰਨੀ ਜਾਂਦੀ ਸੀ ਅਤੇ ਕਈ ਸਾਲਾਂ ਤੋਂ ਲੋਕਾਂ ਲਈ ਸਮਾਜਿਕ ਅਤੇ ਮਨੋਰੰਜਨ ਕੇਂਦਰ ਵਜੋਂ ਕੰਮ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ 2020 ਵਿੱਚ ਇੱਕ ਸਥਾਨਕ ਮੁਹਿੰਮ ਰਾਹੀਂ ਇਸ ਇਮਾਰਤ ਨੂੰ ਢਾਹੇ ਜਾਣ ਤੋਂ ਵੀ ਬਚਾਇਆ ਗਿਆ ਸੀ।
ਅੱਗ ਦੀ ਇਹ ਘਟਨਾ ਵੀਰਵਾਰ ਸਵੇਰੇ ਵਾਪਰੀ, ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਹਾਲਾਂਕਿ ਅੱਗ ‘ਤੇ ਕਾਬੂ ਪਾਉਣ ਲਈ ਜਤਨ ਕੀਤੇ ਗਏ, ਪਰ ਇਮਾਰਤ ਨੂੰ ਬਚਾਇਆ ਨਾ ਜਾ ਸਕਿਆ।
ਟੈਰਿਸ ਸ਼ਹਿਰ ਦੇ ਮੇਅਰ ਸ਼ੌਨ ਬੁਜਟਾਸ ਨੇ ਇਸਨੂੰ ਭਾਈਚਾਰੇ ਲਈ “ਬਹੁਤ ਵੱਡਾ ਨੁਕਸਾਨ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਥਾਨ ਸਿਰਫ਼ ਇੱਕ ਬੌਲਿੰਗ ਐਲੀ ਨਹੀਂ ਸੀ, ਸਗੋਂ ਲੋਕਾਂ ਦੇ ਮਿਲਣ-ਜੁਲਣ ਅਤੇ ਸਮਾਜਿਕ ਸਰਗਰਮੀਆਂ ਦਾ ਇੱਕ ਅਹਿਮ ਕੇਂਦਰ ਸੀ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
