ਮਨੁੱਖਤਾ ਦੀ ਮਿਸਾਲ, ਪਾਕਿ 'ਚ ਹਿੰਦੂ ਮੰਦਰ ਹੜ੍ਹ ਪ੍ਰਭਾਵਿਤ ਮੁਸਲਿਮ ਪਰਿਵਾਰਾਂ ਲਈ ਬਣਿਆ ਸਹਾਰਾ

Sunday, Sep 11, 2022 - 03:03 PM (IST)

ਕਵੇਟਾ (ਆਈ.ਏ.ਐੱਨ.ਐੱਸ.): ਪਾਕਿਸਤਾਨ ਵਿਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਬਲੋਚਿਸਤਾਨ ਦੇ ਕੱਚੀ ਜ਼ਿਲੇ ਦਾ ਇਕ ਛੋਟਾ ਜਿਹਾ ਪਿੰਡ ਜਲਾਲ ਖਾਨ ਅਜੇ ਵੀ ਹੜ੍ਹ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਨਾਰੀ, ਬੋਲਾਨ ਅਤੇ ਲਹਿਰੀ ਨਦੀਆਂ ਵਿੱਚ ਆਏ ਹੜ੍ਹ ਕਾਰਨ ਪਿੰਡ ਦਾ ਬਾਕੀ ਸੂਬੇ ਨਾਲੋਂ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਦੂਰ-ਦੁਰਾਡੇ ਦੇ ਲੋਕ ਇੱਥੋਂ ਦੇ ਲੋਕਾਂ ਨਾਲ ਸੰਪਰਕ ਕਰਨ ਤੋਂ ਅਸਮਰੱਥ ਹੋ ਗਏ ਹਨ। ਅਜਿਹੇ ਔਖੇ ਸਮੇਂ ਵਿੱਚ ਸਥਾਨਕ ਹਿੰਦੂ ਭਾਈਚਾਰੇ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਬਾਬਾ ਮਾਧੋਦਾਸ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਮਾਧੋਦਾਸ ਬਾਬਾ ਮੰਦਰ ਵਿੱਚ ਹੜ੍ਹ ਪੀੜਤਾਂ ਨੇ ਲਈ ਸ਼ਰਨ 

ਸਥਾਨਕ ਲੋਕਾਂ ਅਨੁਸਾਰ ਬਾਬਾ ਮਾਧੋਦਾਸ ਵੰਡ ਤੋਂ ਪਹਿਲਾਂ ਇੱਕ ਹਿੰਦੂ ਦਰਵੇਸ਼ (ਸੰਤ) ਸਨ, ਜਿਨ੍ਹਾਂ ਦਾ ਇਲਾਕੇ ਦੇ ਸਾਰੇ ਮੁਸਲਮਾਨ ਅਤੇ ਹਿੰਦੂ ਸਤਿਕਾਰ ਕਰਦੇ ਸਨ। ਇੱਥੋਂ ਦੇ ਇੱਕ ਸਥਾਨਕ ਨਾਗਰਿਕ ਬੁਜ਼ਦਾਰ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਵੱਲੋਂ ਸੁਣਾਈਆਂ ਗਈਆਂ ਕਹਾਣੀਆਂ ਅਨੁਸਾਰ ਸੰਤ ਨੇ ਧਾਰਮਿਕ ਹੱਦਾਂ ਪਾਰ ਕਰ ਦਿੱਤੀਆਂ ਸਨ। ਸਥਾਨਕ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਉਹ ਲੋਕਾਂ ਨੂੰ ਉਨ੍ਹਾਂ ਦੀ ਜਾਤ ਅਤੇ ਧਰਮ ਦੀ ਬਜਾਏ ਮਨੁੱਖਤਾ ਬਾਰੇ ਪੁੱਛਦੇ ਸਨ। ਬਿਪਤਾ ਦੀ ਇਸ ਘੜੀ ਵਿੱਚ ਇੱਥੋਂ ਦੇ ਲੋਕਾਂ ਲਈ ਇਹ ਇੱਕੋ ਇੱਕ ਹਿੰਦੂ ਮੰਦਰ ਹੈ। ਇੱਥੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ’ਚ ਫੌਜੀ ਚੌਕੀਆਂ ਸਥਾਪਿਤ ਕਰਨਾ ਚਾਹੁੰਦਾ ਹੈ ਚੀਨ

ਸੈਂਕੜੇ ਹੜ੍ਹ ਪੀੜਤਾਂ ਦਾ ਸਹਾਰਾ ਬਣਿਆ ਮੰਦਰ

ਜਲਾਲ ਖਾਂ ਵਿਚ ਜ਼ਿਆਦਾਤਰ ਹਿੰਦੂ ਭਾਈਚਾਰੇ ਦੇ ਲੋਕ ਰੁਜ਼ਗਾਰ ਅਤੇ ਹੋਰ ਮੌਕਿਆਂ ਲਈ ਕੱਚੀ ਦੇ ਦੂਜੇ ਕਸਬਿਆਂ ਵਿਚ ਚਲੇ ਗਏ ਹਨ, ਪਰ ਕੁਝ ਪਰਿਵਾਰ ਇਸ ਦੀ ਦੇਖਭਾਲ ਕਰਨ ਲਈ ਮੰਦਰ ਦੇ ਅਹਾਤੇ ਵਿਚ ਰਹਿੰਦੇ ਹਨ। ਭਾਗ ਨਾਰੀ ਤਹਿਸੀਲ ਦੇ ਦੁਕਾਨਦਾਰ ਰਤਨ ਕੁਮਾਰ (55) ਇਸ ਸਮੇਂ ਮੰਦਰ ਦਾ ਇੰਚਾਰਜ ਹੈ। ਉਸ ਨੇ ਡਾਨ ਨੂੰ ਦੱਸਿਆ ਕਿ ਮੰਦਰ ਵਿੱਚ 100 ਤੋਂ ਵੱਧ ਕਮਰੇ ਹਨ ਕਿਉਂਕਿ ਹਰ ਸਾਲ ਬਲੋਚਿਸਤਾਨ ਅਤੇ ਸਿੰਧ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਤੀਰਥ ਯਾਤਰਾ ਲਈ ਆਉਂਦੇ ਹਨ। ਰਤਨ ਦੇ ਪੁੱਤਰ ਸਾਵਨ ਕੁਮਾਰ ਨੇ ਡਾਨ ਨੂੰ ਦੱਸਿਆ ਕਿ ਮੰਦਰ ਦੇ ਕੁਝ ਕਮਰਿਆਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਸਮੁੱਚਾ ਢਾਂਚਾ ਸੁਰੱਖਿਅਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 9/11 ਅੱਤਵਾਦੀ ਹਮਲੇ ਦੇ ਅੱਜ 21 ਸਾਲ ਪੂਰੇ, ਦਹਿਲ ਉੱਠਿਆ ਸੀ ਦੇਸ਼ (ਤਸਵੀਰਾਂ)

ਹਿੰਦੂਆਂ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ 

ਡਾਨ ਦੀ ਰਿਪੋਰਟ ਦੇ ਅਨੁਸਾਰ ਘੱਟੋ-ਘੱਟ 200-300 ਲੋਕ, ਜ਼ਿਆਦਾਤਰ ਮੁਸਲਮਾਨ ਅਤੇ ਉਨ੍ਹਾਂ ਦੇ ਪਸ਼ੂ, ਮੰਦਰ ਦੇ ਅਹਾਤੇ ਵਿੱਚ ਪਨਾਹ ਲਏ ਹੋਏ ਹਨ ਅਤੇ ਉਹਨਾਂ ਦੀ ਦੇਖਭਾਲ ਹਿੰਦੂ ਪਰਿਵਾਰਾਂ ਦੁਆਰਾ ਕੀਤੀ ਜਾ ਰਹੀ ਹੈ। ਹੜ੍ਹ ਨੇ ਇਲਾਕੇ ਦਾ ਬਾਹਰੀ ਦੁਨੀਆ ਨਾਲ ਸੰਪਰਕ ਪੂਰੀ ਤਰ੍ਹਾਂ ਕੱਟ ਦਿੱਤਾ ਹੈ। ਇੱਥੋਂ ਦੇ ਬੇਘਰ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ ਪਰ ਜਦੋਂ ਉਹ ਮੰਦਰ ਗਏ ਤਾਂ ਹਿੰਦੂ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਮੰਦਰ ਦੇ ਅੰਦਰ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ। ਅੱਜ ਇਹ ਮੰਦਰ ਮਨੁੱਖਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਇੱਥੇ ਕਿਸੇ ਦੀ ਮਦਦ ਕਰਨ ਤੋਂ ਪਹਿਲਾਂ ਉਸ ਦੀ ਜਾਤ ਤੇ ਧਰਮ ਨਹੀਂ ਪੁੱਛਿਆ ਜਾਂਦਾ। ਇਨਸਾਨੀਅਤ ਕਰਕੇ ਹੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ।
 


Vandana

Content Editor

Related News