ਬ੍ਰਿਟੇਨ ’ਚ ਪ੍ਰਸਤਾਵਿਤ ਮੁਸਲਿਮ-ਵਿਰੋਧੀ ਪਰਿਭਾਸ਼ਾ ’ਤੇ ਹਿੰਦੂ-ਸਿੱਖ ਸੰਗਠਨਾਂ ਦੀ ਚਿਤਾਵਨੀ
Saturday, Jan 03, 2026 - 02:39 AM (IST)
ਲੰਡਨ - ਬ੍ਰਿਟੇਨ ਦੇ ਹਿੰਦੂ ਅਤੇ ਸਿੱਖ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਿਟਿਸ਼ ਸਰਕਾਰ ਵੱਲੋਂ ਵਿਚਾਰ ਅਧੀਨ ‘ਮੁਸਲਿਮ-ਵਿਰੋਧੀ ਦੁਸ਼ਮਣੀ’ ਦੀ ਪ੍ਰਸਤਾਵਿਤ ਖਰੜਾ ਪਰਿਭਾਸ਼ਾ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਖਰੜਾ ਹਾਲ ਹੀ ’ਚ ਮੀਡੀਆ ਦੇ ਕੁਝ ਹਿੱਸਿਆਂ ਵਿਚ ਲੀਕ ਹੋ ਗਿਆ ਹੈ। ‘ਹਿੰਦੂ ਕੌਂਸਲ, ਬ੍ਰਿਟੇਨ’ ਨੇ ਇਸ ਹਫ਼ਤੇ ਭਾਈਚਾਰਕ ਮਾਮਲਿਆਂ ਦੇ ਮੰਤਰੀ ਸਟੀਵ ਰੀਡ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਹ ਖਰੜਾ ਨਾ ਸਿਰਫ਼ ‘ਗੰਭੀਰ ਰੂਪ ’ਚ ਗਲਤੀਆਂ ਨਾਲ ਭਰਿਆ’ ਹੈ, ਸਗੋਂ ਜੇ ਇਸ ਨੂੰ ਰਸਮੀ ਤੌਰ ’ਤੇ ਅਪਣਾਇਆ ਜਾਂਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣ ਦਾ ਖ਼ਤਰਾ ਹੈ। ਬੀ.ਬੀ.ਸੀ. ਨੇ ਪਿਛਲੇ ਮਹੀਨੇ ਰਿਪੋਰਟ ਕੀਤੀ ਸੀ ਕਿ ਸਰਕਾਰ ਵੱਲੋਂ ਪਿਛਲੇ ਸਾਲ ਫਰਵਰੀ ਵਿਚ ਗਠਿਤ ਮੁਸਲਿਮ ਵਿਰੋਧੀ ਨਫ਼ਰਤ/ਇਸਲਾਮੋਫੋਬੀਆ ਬਾਰੇ ਕਾਰਜ ਸਮੂਹ ਨੇ ਇਕ ਖਰੜਾ ਪੇਸ਼ ਕੀਤਾ ਸੀ, ਜਿਸ ’ਚੋਂ ‘ਇਸਲਾਮੋਫੋਬੀਆ’ ਸ਼ਬਦ ਨੂੰ ਹਟਾ ਦਿੱਤਾ ਗਿਆ ਸੀ।
ਹਿੰਦੂ ਕੌਂਸਲ ਨੇ ਰਿਹਾਇਸ਼, ਭਾਈਚਾਰਕ ਅਤੇ ਲੋਕਲ ਬਾਡੀਜ਼ ਮਾਮਲਿਆਂ ਦੇ ਮੰਤਰਾਲੇ ’ਚ ਸੂਬਾ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਹਿੰਦੂ, ਸਿੱਖ, ਈਸਾਈ, ਧਰਮ ਨਿਰਪੱਖ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਾਲੇ ਸੰਗਠਨਾਂ ਵੱਲੋਂ ਸਾਂਝੀ ਕੀਤੀ ਗਈ ਇਕ ਮੁੱਖ ਚਿੰਤਾ ਇਹ ਹੈ ਕਿ ਸਬੰਧਤ ਪਰਿਭਾਸ਼ਾ ਮੁਸਲਮਾਨਾਂ ਪ੍ਰਤੀ ਦੁਸ਼ਮਣੀ ਅਤੇ ਇਸਲਾਮ ਦੀ ਇਕ ਵਿਸ਼ਵਾਸ ਪ੍ਰਣਾਲੀ ਵਜੋਂ ਆਲੋਚਨਾ ਦੇ ਵਿਚਾਲੇ ਸਪੱਸ਼ਟ ਰੂਪ ਵਿਚ ਫਰਕ ਕਰਨ ਵਿਚ ਅਸਫਲ ਰਹਿੰਦੀ ਹੈ।
