ਪੁਜਾਰੀ ਹਮਲਾ ਮਾਮਲੇ 'ਚ ਕਾਰਵਾਈ ਕਰਨ 'ਤੇ ਭਾਰਤੀ ਰਾਜਦੂਤ ਨੇ US ਦਾ ਕੀਤਾ ਧੰਨਵਾਦ
Monday, Jul 22, 2019 - 02:31 PM (IST)

ਨਿਊਯਾਰਕ— ਅਮਰੀਕਾ 'ਚ ਭਾਰਤ ਦੇ ਉੱਚ ਡਿਪਲੋਮੈਟਾਂ ਨੇ ਨਿਊਯਾਰਕ 'ਚ ਇਕ ਪੁਜਾਰੀ 'ਤੇ ਹੋਏ ਹਮਲੇ ਦੇ ਮਾਮਲੇ 'ਚ ਤੁਰੰਤ ਕਾਰਵਾਈ ਲਈ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁਈਨਜ਼ ਦੇ ਗਲੇਨ ਓਕਸ ਸਥਿਤ ਸ਼ਿਵ ਸ਼ਕਤੀ ਪੀਠ ਦੇ ਪੁਜਾਰੀ ਸਵਾਮੀ ਹਰੀਸ਼ ਚੰਦਰ ਪੁਰੀ ਨੂੰ ਇਕ ਵਿਅਕਤੀ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਹ ਵਾਰ-ਵਾਰ ਚੀਖ ਰਿਹਾ ਸੀ 'ਇਹ ਸਾਡਾ ਘਰ ਹੈ।'
ਅਮਰੀਕੀ ਸੰਸਦ ਮੈਂਬਰਾਂ ਗ੍ਰੇਸ ਮੇਂਗ ਅਤੇ ਟੋਮ ਸੋਜੀ ਨੇ ਇਸ 'ਹਿੰਸਕ' ਹਮਲੇ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਉਹ ਹਿੰਦੂ ਭਾਈਚਾਰੇ ਨਾਲ ਹਨ। ਕੁਈਨਜ਼ ਪੂਰੀ ਦੁਨੀਆ ਤੋਂ ਆਉਣ ਵਾਲੇ ਵੱਖ-ਵੱਖ ਲੋਕਾਂ ਨਾਲ ਬਣੇ ਭਾਈਚਾਰੇ ਦਾ ਘਰ ਹੈ। ਅਮਰੀਕਾ 'ਚ ਭਾਰਤ ਦੇ ਅੰਬੈਸਡਰ ਹਰਸ਼ਵਰਧਨ ਨੇ ਇਸ ਸਮਰਥਨ ਲਈ ਮੇਂਗ ਅਤੇ ਸੋਜੀ ਨੂੰ ਧੰਨਵਾਦ ਕੀਤਾ ਹੈ। ਨਿਊਯਾਰਕ 'ਚ ਕੌਂਸਲ ਜਨਰਲ ਸੰਦੀਪ ਚੱਕਰਵਰਤੀ ਨੇ ਐਤਵਾਰ ਨੂੰ ਪੁਜਾਰੀ ਪੁਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਨੇ ਦੋਸ਼ੀ ਦੀ ਜਲਦੀ ਗ੍ਰਿਫਤਾਰੀ 'ਤੇ ਧੰਨਵਾਦ ਪ੍ਰਗਟਾਇਆ। ਚੱਕਰਵਰਤੀ ਨੇ ਟਵੀਟ ਕੀਤਾ,''ਸ਼ਿਵ ਸ਼ਕਤੀ ਪੀਠ ਦੇ ਸਵਾਮੀ ਜੀ ਨੂੰ ਮਿਲਿਆ, ਜਿਨ੍ਹਾਂ 'ਤੇ ਹਮਲਾ ਕੀਤਾ ਗਿਆ ਸੀ। ਉਹ ਘਰ 'ਚ ਹਨ, ਸਿਹਤ ਲਾਭ ਲੈ ਰਹੇ ਹਨ ਅਤੇ ਵਾਪਸ ਮੰਦਰ ਜਾਣ ਲੱਗੇ ਹਨ। ਹਮਲਾਵਰ ਦੀ ਜਲਦੀ ਗ੍ਰਿਫਤਾਰੀ ਲਈ ਪੁਲਸ ਦਾ ਧੰਨਵਾਦ। ਸਹਿਯੋਗ ਲਈ ਗ੍ਰੇਸ ਮੇਂਗ ਅਤੇ ਟਾਮ ਸੋਜੀ ਅਤੇ ਭਾਰਤੀ ਭਾਈਚਾਰੇ ਦਾ ਧੰਨਵਾਦ।''