ਪਾਕਿਸਤਾਨ 'ਚ ਨਹੀਂ ਰੁਕ ਰਹੇ ਹਿੰਦੂਆਂ 'ਤੇ ਅੱਤਿਆਚਾਰ, 15 ਦਿਨਾਂ 'ਚ ਚੌਥੀ ਕੁੜੀ ਅਗਵਾ
Tuesday, Oct 11, 2022 - 01:11 PM (IST)
 
            
            ਇੰਟਰਨੈਸ਼ਨਲ ਡੈਸਕ (ਬਿਊਰੋ) ਪਾਕਿਸਤਾਨ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਦਾ ਹੈ। ਕੁੜੀ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ। ਪਾਕਿਸਤਾਨ ਵਿੱਚ 15 ਦਿਨਾਂ ਦੇ ਅੰਦਰ ਇਹ ਚੌਥੀ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਹ ਘਰ ਪਰਤ ਰਹੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਤਿੰਨ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਇਸਲਾਮ ਕਬੂਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਅਗਵਾ ਹੋਈ ਕੁੜੀ ਦੇ ਮਾਪਿਆਂ ਅਨੁਸਾਰ ਉਸ ਨੂੰ ਹੈਦਰਾਬਾਦ ਦੇ ਫਤਿਹ ਚੌਕ ਇਲਾਕੇ ਤੋਂ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਹ ਘਰ ਪਰਤ ਰਹੀ ਸੀ। ਖਬਰਾਂ ਮੁਤਾਬਕ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਪਰ ਅਜੇ ਤੱਕ ਕੁੜੀ ਦਾ ਕੋਈ ਪਤਾ ਨਹੀਂ ਲੱਗਾ ਹੈ। ਇਹ ਉਦੋਂ ਹੋਇਆ ਹੈ ਜਦੋਂ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਤਿੰਨ ਔਰਤਾਂ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ ਸੀ। ਘੱਟ ਗਿਣਤੀਆਂ 'ਤੇ ਲਗਾਤਾਰ ਹੋ ਰਹੇ ਅੱਤਿਆਚਾਰਾਂ ਦਰਮਿਆਨ ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂਆਂ 'ਚ ਗੁੱਸਾ ਅਤੇ ਡਰ ਹੈ। ਇਸ ਤੋਂ ਪਹਿਲਾਂ 24 ਸਤੰਬਰ ਨੂੰ ਨਾਸਰਪੁਰ ਇਲਾਕੇ ਤੋਂ 14 ਸਾਲਾ ਕੁੜੀ ਨੂੰ ਅਗਵਾ ਕੀਤਾ ਗਿਆ ਸੀ। ਜਦਕਿ ਮੀਰਪੁਰਖਾਸ ਕਸਬੇ ਵਿੱਚ ਘਰ ਪਰਤਦੇ ਸਮੇਂ ਇੱਕ ਹੋਰ ਹਿੰਦੂ ਕੁੜੀ ਨੂੰ ਵੀ ਅਗਵਾ ਕਰ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਕੁੜੀਆਂ ਤੋਂ ਬਾਅਦ ਹੁਣ ਪਾਕਿਸਤਾਨ 'ਚ ਹਿੰਦੂ ਨੌਜਵਾਨ ਨੂੰ ਜ਼ਬਰੀ ਬਣਾਇਆ ਗਿਆ ਮੁਸਲਮਾਨ
ਅਗਵਾ ਕਰਕੇ ਫਿਰ ਜ਼ਬਰਦਸਤੀ ਮੁਸਲਿਮ ਨੌਜਵਾਨ ਨਾਲ ਵਿਆਹ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਹੀ ਮੀਰਪੁਰਖਾਸ ਕਸਬੇ 'ਚ ਇਕ ਹਿੰਦੂ ਵਿਅਕਤੀ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਧਰਮ ਪਰਿਵਰਤਨ ਕਰਾ ਦਿੱਤਾ ਗਿਆ ਅਤੇ ਉਸ ਦਾ ਵਿਆਹ ਇਕ ਮੁਸਲਿਮ ਨੌਜਵਾਨ ਨਾਲ ਹੋ ਗਿਆ।ਇਸ ਮਾਮਲੇ ਵਿੱਚ ਪੁਲਸ ’ਤੇ ਪੱਖਪਾਤ ਦੇ ਗੰਭੀਰ ਦੋਸ਼ ਵੀ ਲਾਏ ਗਏ ਹਨ। ਹਿੰਦੂ ਵਿਆਹੁਤਾ ਔਰਤ ਦੇ ਮੁਸਲਿਮ ਨੌਜਵਾਨ ਨਾਲ ਵਿਆਹ 'ਤੇ ਪੁਲਸ ਅਧਿਕਾਰੀਆਂ ਨੇ ਬਿਆਨ ਦਿੱਤਾ ਸੀ ਕਿ ਉਕਤ ਔਰਤ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਸੀ ਅਤੇ ਅਹਿਮਦ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ 'ਚ ਹਿੰਦੂਆਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸ ਸਾਲ ਜੂਨ ਵਿੱਚ ਇੱਕ ਨਾਬਾਲਗ ਹਿੰਦੂ ਕੁੜੀ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਸੀ ਕਿ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ ਸੀ ਅਤੇ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਇਸ ਘਟਨਾ ਦੇ ਤਿੰਨ ਮਹੀਨੇ ਬਾਅਦ ਹੀ ਤਿੰਨ ਹਿੰਦੂ ਕੁੜੀਆਂ ਦਾ ਇਹੀ ਹਸ਼ਰ ਹੋਇਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            