ਹਾਈਕੋਰਟ ਦਾ ਇਮਰਾਨ ਖ਼ਾਨ ਦੀ ਪਤਨੀ ਨੂੰ ਵੱਡਾ ਝਟਕਾ, ਦਾਇਰ ਕੀਤੀ ਪਟੀਸ਼ਨ ਨੂੰ ਜੁਰਮਾਨੇ ਨਾਲ ਕੀਤਾ ਖਾਰਜ
Friday, Apr 21, 2023 - 06:09 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਲਾਹੌਰ ਹਾਈਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਵੱਲੋਂ ਈਦ ਦੀਆਂ ਛੁੱਟੀਆਂ ਦੌਰਾਨ ਜਮਾਨ ਪਾਰਕ (ਇਮਰਾਨ ਖਾਨ ਨਿਵਾਸ) ’ਚ ਸੰਭਾਵਿਤ ਕਾਰਵਾਈ ਨੂੰ ਰੋਕਣ ਲਈ ਦਾਇਰ ਪਟੀਸ਼ਨ ਨੂੰ ਇਕ ਲੱਖ ਰੁਪਏ ਜੁਰਮਾਨੇ ਦੇ ਨਾਲ ਖ਼ਾਰਜ ਕਰ ਕੇ ਬੁਸ਼ਰਾ ਬੀਬੀ ਨੂੰ ਝਟਕਾ ਦਿੱਤਾ। ਬੁਸ਼ਰਾ ਬੀਬੀ ਨੇ ਦਾਇਰ ਪਟੀਸ਼ਨ ਵਿਚ ਗ੍ਰਹਿ ਮੰਤਰਾਲੇ ਪੰਜਾਬ, ਆਈ. ਜੀ. ਪੰਜਾਬ ਅਤੇ ਐੱਫ. ਆਈ. ਏ. ਨੂੰ ਪਾਰਟੀ ਬਣਾਇਆ ਸੀ। ਸਰਹੱਦ ਪਾਰ ਦੇ ਸੂਤਰਾਂ ਮੁਤਾਬਕ ਬੁਸ਼ਰਾ ਬੀਬੀ ਨੇ ਦਲੀਲ ਦਿੱਤੀ ਸੀ ਕਿ ਈਦ ਦੀਆਂ ਛੁੱਟੀਆਂ ਦੌਰਾਨ ਜਮਾਨ ਪਾਰਕ ’ਚ ਆਪ੍ਰੇਸ਼ਨ ਹੋਣ ਦੀਆਂ ਖ਼ਬਰਾਂ ਸਨ। ਇਸ ਤੋਂ ਪਹਿਲਾਂ ਵੀ ਪੁਲਸ ਨੇ ਇਮਰਾਨ ਖਾਨ ਦੀ ਗੈਰ-ਮੌਜੂਦਗੀ ’ਚ ਘਰ ’ਤੇ ਹਮਲਾ ਕੀਤਾ ਸੀ, ਪੁਲਸ ਨੂੰ ਕਾਰਵਾਈ ਰੋਕਣ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਇਸ ਮਾਮਲੇ ਦੀ ਸੁਣਵਾਈ ਲਾਹੌਰ ਹਾਈਕੋਰਟ ਦੇ ਜੱਜ ਤਾਰਿਕ ਸਲੀਮ ਸੇਖ ਕਰ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ 'ਆਪ' ਵਿਧਾਇਕ ਦਾ ਪਿਤਾ ਰਿਸ਼ਵਤ ਮੰਗਣ ਦੇ ਮਾਮਲੇ 'ਚ ਗ੍ਰਿਫ਼ਤਾਰ
ਬੁਸ਼ਰਾ ਬੀਬੀ ਦੇ ਵਕੀਲ ਅਜ਼ਹਰ ਸਦੀਕੀ ਨੇ ਕਿਹਾ ਕਿ ਜਮਾਨ ਪਾਰਕ ’ਚ ਇਕ ਆਪ੍ਰੇਸ਼ਨ ਦੀ ਪੁਸ਼ਟੀ ਹੋਈ ਹੈ ਅਤੇ ਅਦਾਲਤ ਨੂੰ ਇਸ ਸਬੰਧ ਵਿਚ ਪਟੀਸ਼ਨਰ ਨੂੰ ਰਾਹਤ ਦੇਣੀ ਚਾਹੀਦੀ ਹੈ। ਜਸਟਿਸ ਤਾਰਿਕ ਸਲੀਮ ਸੇਖ ਨੇ ਸੁਣਵਾਈ ਤੋਂ ਬਾਅਦ ਕਿਹਾ ਕਿ ਚਿੰਤਾਵਾਂ ਦੇ ਆਧਾਰ ’ਤੇ ਕੀ ਕੀਤਾ ਜਾ ਸਕਦਾ ਹੈ। ਇਮਰਾਨ ਖਾਨ ਮਾਮਲੇ ਦੀ ਸੁਣਵਾਈ ਵੱਡੀ ਬੈਂਚ ’ਚ ਹੋ ਚੁੱਕੀ ਹੈ, ਇਸ ਲਈ ਇਹ ਪਟੀਸ਼ਨ ਦਾਇਰ ਨਹੀਂ ਕੀਤੀ ਜਾਣੀ ਚਾਹੀਦੀ ਸੀ। ਜੇਕਰ ਕੋਈ ਪਟੀਸ਼ਨ ਪਹਿਲਾਂ ਹੀ ਦਾਇਰ ਹੈ, ਜਿਸ ਦੀ ਸੁਣਵਾਈ ਪੰਜ ਮੈਂਬਰਾਂ ’ਤੇ ਆਧਾਰਿਤ ਬੈਂਚ ਕਰ ਰਹੀ ਹੈ ਤਾਂ ਅਜਿਹੀ ਪਟੀਸ਼ਨ ਕਿਉਂ ਦਾਇਰ ਕੀਤੀ ਗਈ ਹੈ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਬਠਿੰਡਾ ਦਾ ਨੌਜਵਾਨ ਸ਼ਹੀਦ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਸੇਵਕ ਸਿੰਘ
ਐਡਵੋਕੇਟ ਅਜ਼ਹਰ ਸਦੀਕੀ ਨੇ ਕਿਹਾ ਕਿ ਪਹਿਲਾਂ ਦਿੱਤੀ ਗਈ ਅਰਜ਼ੀ ਪ੍ਰੇਸ਼ਾਨ ਕਰਨ ਵਾਲੀ ਹੈ। ਜੱਜ ਤਾਰਿਕ ਸਲੀਮ ਸੇਖ ਨੇ ਕਿਹਾ ਕਿ ਤੁਹਾਡੀਆਂ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਅਦਾਲਤ ਦਾ ਸਮਾਂ ਬਰਬਾਦ ਕਰ ਰਹੀਆਂ ਹਨ, ਤੁਸੀਂ ਅਦਾਲਤ ਨੂੰ ਪ੍ਰੇਸ਼ਾਨ ਕਰ ਰਹੇ ਹੋ, ਤੁਹਾਨੂੰ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ? ਜਿਸ ’ਤੇ ਬੁਸ਼ਰਾ ਬੀਬੀ ਦੇ ਵਕੀਲ ਨੇ ਕਿਹਾ ਕਿ ਮੈਂ ਪਟੀਸ਼ਨ ਵਾਪਸ ਲੈਣ ਲਈ ਤਿਆਰ ਹਾਂ ਪਰ ਜੱਜ ਨੇ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਐਡਵੋਕੇਟ ਅਜ਼ਹਰ ਸਦੀਕੀ ਨੂੰ 24 ਘੰਟਿਆਂ ਦੇ ਅੰਦਰ ਅਦਾਲਤ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈਕੋਰਟ ਨੇ ਪਹਿਲਾਂ ਹੀ ਈਦ ਦੀਆਂ ਛੁੱਟੀਆਂ ਦੌਰਾਨ ਜਮਾਨ ਪਾਰਕ 'ਤੇ ਆਪ੍ਰੇਸ਼ਨ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।