ਰੂਸ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਜ਼ਖਮੀ

12/16/2018 8:18:19 PM

ਮਾਸਕੋ (ਸਪੁਤਨਿਕ)- ਰੂਸ ਦੇ ਤੋਮਸਕ ਇਲਾਕੇ ਵਿਚ ਐਤਵਾਰ ਨੂੰ ਐਮ.ਆਈ.-8 ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ। ਕੇਡ੍ਰੋਵੀ ਸ਼ਹਿਰ ਦੇ ਪ੍ਰਸ਼ਾਸਨਿਕ ਦਫਤਰ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈਲੀਕਾਪਟਰ ਨੇ ਜਦੋਂ ਤੋਮਸਕ ਇਲਾਕੇ ਦੇ ਕਾਰਗਾਸੋਕਸਕੀ ਜ਼ਿਲੇ ਤੋਂ ਕੇਡ੍ਰੋਵੀ ਸ਼ਹਿਰ ਲਈ ਉਡਾਣ ਭਰੀ ਸੀ ਤਾਂ ਇਹ ਦੁਰਘਟਨਾ ਵਾਪਰ ਗਈ। ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ਵਿਚ ਜ਼ਖਮੀ 5 ਲੋਕਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।

ਅਧਿਕਾਰੀ ਮੁਤਾਬਕ ਹੈਲੀਕਾਪਟਰ ਵਿਚ 22 ਯਾਤਰੀ ਅਤੇ ਜਹਾਜ਼ ਚਾਲਕ ਦਸਤੇ ਦੇ ਤਿੰਨ ਮੈਂਬਰ ਵੀ ਸਨ। ਤੋਮਸਕ ਖੇਤਰ ਦੀ ਐਮਰਜੈਂਸੀ ਸੇਵਾ ਨੇ ਵੀ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਕੇਡ੍ਰੋਵੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਨਾਗਰਿਕ ਰੱਖਿਆ, ਐਮਰਜੈਂਸੀ ਅਤੇ ਕੁਦਰਤੀ ਆਪਦਾਵਾਂ ਦੀ ਪ੍ਰੈਸ ਸੇਵਾ ਨੇ ਦੱਸਿਆ ਕਿ ਇਹ ਘਟਨਾ ਲੈਂਡਿੰਗ ਗਿਅਰ ਦੀ ਅਸਫਲਤਾ ਕਾਰਨ ਹੋਈ ਹੈ।

ਐਮਰਜੈਂਸੀ ਸੇਵਾਵਾਂ ਵਿਚ ਇਕ ਹੋਰ ਸਰੋਤ ਨੇ ਦੱਸਿਆ ਕਿ ਹੈਲੀਕਾਪਟਰ ਇੰਪੀਰੀਅਲ ਐਨਰਜੀ ਗਰੁੱਪ ਆਫ ਕੰਪਨੀਜ਼ ਤੋਂ ਸਬੰਧਿਤ ਮੇਸਕੋਏ ਖੇਤਰ ਦੇ ਤੇਲ ਮੁਲਾਜ਼ਮਾਂ ਨੂੰ ਲੈ ਕੇ ਜਾ ਰਿਹਾ ਸੀ ਜੋ ਭਾਰਤ ਦੇ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਟਿਡ (ਓ.ਐਨ.ਜੀ.ਸੀ.) ਦਾ ਹਿੱਸਾ ਹੈ।


Sunny Mehra

Content Editor

Related News