ਕੈਨੇਡਾ ਦੇ ਕਈ ਇਲਾਕਿਆਂ ''ਚ ਭਾਰੀ ਬਰਫ਼ਬਾਰੀ, ਬਲੈਕ ਆਈਸ ਤੇ ਕੋਹਰੇ ਨੇ ਵਧਾਈਆਂ ਮੁਸ਼ਕਲਾਂ

Saturday, Dec 27, 2025 - 03:34 AM (IST)

ਕੈਨੇਡਾ ਦੇ ਕਈ ਇਲਾਕਿਆਂ ''ਚ ਭਾਰੀ ਬਰਫ਼ਬਾਰੀ, ਬਲੈਕ ਆਈਸ ਤੇ ਕੋਹਰੇ ਨੇ ਵਧਾਈਆਂ ਮੁਸ਼ਕਲਾਂ

ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਕਈ ਇਲਾਕਿਆਂ ਵਿੱਚ ਕ੍ਰਿਸਮਸ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲੈਂਦਿਆਂ ਬਾਕਸਿੰਗ ਡੇ ’ਤੇ ਲੋਕਾਂ ਨੂੰ ਕੜਾਕੇ ਦੀ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ।  ਦੇਸ਼ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ, ਬਲੈਕ ਆਈਸ ਅਤੇ ਕੋਹਰੇ ਕਾਰਨ ਫਿਸਲਣ ਭਰੇ ਰਸਤੇ ਆਮ ਜੀਵਨ ਲਈ ਚੁਣੌਤੀ ਬਣੇ ਰਹੇ ਹਨ।

ਟੋਰਾਂਟੋ ਦੇ ਡਾਊਨਟਾਊਨ ਖੇਤਰ ਵਿੱਚ ਸਥਿਤ ਈਟਨ ਸੈਂਟਰ ਤੋਂ ਬਾਕਸਿੰਗ ਡੇ ਦੀ ਖਰੀਦਦਾਰੀ ਕਰਕੇ ਨਿਕਲੇ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਬਰਫ਼ੀਲੇ ਤੂਫ਼ਾਨ ਵਿੱਚ ਰਾਹ ਬਣਾਉਂਦੇ ਦੇਖਿਆ ਗਿਆ। ਫਿਸਲਣ ਭਰੀਆਂ ਸੜਕਾਂ ਅਤੇ ਘੱਟ ਦਿੱਖ ਕਾਰਨ ਆਵਾਜਾਈ ਵੀ ਕਈ ਥਾਵਾਂ ’ਤੇ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਹਨ।

ਦੂਜੇ ਪਾਸੇ ਕੇਂਦਰੀ ਯੂਕੋਨ ਹਾਲੇ ਵੀ ਕੜਾਕੇ ਦੀ ਠੰਢ ਦੀ ਗ੍ਰਿਫ਼ਤ ਵਿੱਚ ਹੈ। ਅਰਕਟਿਕ ਉੱਚ ਦਬਾਅ ਵਾਲੀ ਹਵਾ ਕਾਰਨ ਇਲਾਕੇ ਵਿੱਚ ਬਿਜਲੀ ਬੰਦ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਹਲਕੀ ਹਵਾਵਾਂ ਚੱਲਣ ਨਾਲ ਬੇਹੱਦ ਠੰਢੇ ਤਾਪਮਾਨ ਮਿਲ ਕੇ ਹਵਾ ਦੀ ਠੰਢ ਦੇ ਅੰਕੜੇ ਮਾਇਨਸ 50 ਤੋਂ ਮਾਇਨਸ 55 ਡਿਗਰੀ ਸੈਲਸੀਅਸ ਤੱਕ ਲੈ ਜਾ ਸਕਦੇ ਹਨ, ਹਾਲਾਂਕਿ ਅਗਲੇ ਦਿਨਾਂ ਵਿੱਚ ਹਾਲਾਤਾਂ ਵਿੱਚ ਹੌਲੀ-ਹੌਲੀ ਸੁਧਾਰ ਦੀ ਉਮੀਦ ਜਤਾਈ ਗਈ ਹੈ।

ਸਬੰਧਤ ਅਧਿਕਾਰੀਆਂ ਵੱਲੋਂ ਆਮ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ ਕਰਨ, ਗਰਮ ਕੱਪੜੇ ਪਹਿਨਣ ਅਤੇ ਮੌਸਮ ਸੰਬੰਧੀ ਚੇਤਾਵਨੀਆਂ ’ਤੇ ਲਗਾਤਾਰ ਅਮਲ ਕਰਨ ਦਾ ਮਸ਼ਵਰਾ ਜਾਰੀ ਕੀਤਾ ਹੈ ਅਗਲੇ ਹਫਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਵੀ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।


author

Inder Prajapati

Content Editor

Related News