ਸਕਾਟਲੈਂਡ 'ਚ ਦਿਲ ਦੀ ਬਿਮਾਰੀ ਨਾਲ ਹੋ ਰਹੀਆਂ ਹਨ ਕੋਰੋਨਾ ਨਾਲੋਂ ਜ਼ਿਆਦਾ ਮੌਤਾਂ
Tuesday, Aug 31, 2021 - 05:23 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹੁੰਦੀਆਂ ਮੌਤਾਂ ਦੇ ਕਾਰਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਨੇ ਛੇ ਮਹੀਨਿਆਂ ਦੇ ਵਕਫੇ ਵਿੱਚ ਕੋਰੋਨਾ ਵਾਇਰਸ ਨੂੰ ਪਛਾੜਿਆ ਹੈ। ਇਸ ਸਬੰਧੀ ਅੰਕੜਿਆਂ ਦੇ ਅਨੁਸਾਰ ਸਕਾਟਲੈਂਡ ਵਿੱਚ ਹੁੰਦੀਆਂ ਮੌਤਾਂ ਪਿੱਛੇ ਕੋਰੋਨਾ ਵਾਇਰਸ ਸੱਤਵਾਂ ਕਾਰਨ ਹੈ, ਜਦਕਿ ਦਿਲ ਦੀਆਂ ਬਿਮਾਰੀਆਂ ਪਹਿਲੇ ਸਥਾਨ 'ਤੇ ਹਨ। ਮਹਾਮਾਰੀ ਦੇ ਚਲਦਿਆਂ ਮਾਰਚ 2020 ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਜ਼ਿਆਦਾਤਰ ਜਾਨਾਂ ਵੀ ਇਸ ਦੀ ਵਜ੍ਹਾ ਨਾਲ ਗਈਆਂ ਹਨ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਮਹਾਮਾਰੀ ਦੌਰਾਨ ਗੈਰ ਕੋਰੋਨਾ ਵਾਇਰਸ ਇਲਾਜ ਹਸਪਤਾਲਾਂ ਵਿੱਚ ਲੰਮੀ ਉਡੀਕ ਦਾ ਸਾਹਮਣਾ ਕਰ ਰਹੇ ਹਨ।
ਸਕਾਟਲੈਂਡ ਦੇ ਅੰਕੜਿਆਂ ਦੇ ਰਾਸ਼ਟਰੀ ਰਿਕਾਰਡ ਅਨੁਸਾਰ ਮੌਤਾਂ ਲਈ ਕਾਰਨਾਂ ਵਿੱਚ ਕੋਰੋਨਾ ਵਾਇਰਸ ਲਈ 10.2 ਪ੍ਰਤੀਸ਼ਤ (9,131) ਦੇ ਮੁਕਾਬਲੇ ਦਿਲ ਦੀ ਬਿਮਾਰੀ 10.6 ਪ੍ਰਤੀਸ਼ਤ (9,513) ਮੌਤਾਂ ਦਾ ਕਾਰਨ ਬਣਦੀ ਹੈ। ਇਹਨਾਂ ਦੇ ਨਾਲ ਹੀ ਡਿਮੈਂਸ਼ੀਆ ਅਤੇ ਅਲਜ਼ਾਈਮਰ ਤੀਜਾ ਸਭ ਤੋਂ ਵੱਡਾ ਕਾਰਨ ਰਿਹਾ ਹੈ, ਜਿਸ ਨੇ 8,350 ਲੋਕਾਂ ਦੀ ਜਾਨ ਲਈ ਹੈ। ਜਦਕਿ ਫੇਫੜਿਆਂ ਦੇ ਕੈਂਸਰ ਨਾਲ 5,470 ਅਤੇ ਸੇਰਬ੍ਰੋਵੈਸਕੁਲਰ ਬਿਮਾਰੀਆਂ ਜਿਵੇਂ ਸਟਰੋਕ ਆਦਿ ਨਾਲ 5,365 ਮੌਤਾਂ ਹੁੰਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ -ਨਿਊਜ਼ੀਲੈਂਡ 'ਚ ਡੈਲਟਾ ਵੈਰੀਐਂਟ ਦਾ ਪ੍ਰਕੋਪ, 49 ਨਵੇਂ ਕਮਿਊਨਿਟੀ ਕੇਸ ਆਏ ਸਾਹਮਣੇ
ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲੋਂ ਵਧੇਰੇ ਮੌਤਾਂ ਦਾ ਕਾਰਨ ਦਿਲ ਦੀ ਬਿਮਾਰੀ, ਦਿਮਾਗੀ ਕਮਜ਼ੋਰੀ ਅਤੇ ਅਲਜ਼ਾਈਮਰ, ਫੇਫੜਿਆਂ ਦੇ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਜਿਵੇਂ ਐਮਫਿਸੀਮਾ ਅਤੇ ਬ੍ਰੌਨਕਾਈਟਸ ਸਨ। ਤਾਲਾਬੰਦੀ ਦੇ ਨਿਯਮਾਂ ਅਤੇ ਪਿਛਲੇ ਸਾਲ ਕੈਂਸਰ ਸਕ੍ਰੀਨਿੰਗ ਸਮੇਤ ਐਨ ਐਚ ਐਸ ਸੇਵਾਵਾਂ ਦੇ ਸਖ਼ਤ ਪੈਮਾਨਿਆਂ ਕਾਰਨ ਇਹ ਅੰਕੜੇ ਸਾਹਮਣੇ ਆਏ ਹਨ।