ਭਾਰ ਘੱਟ ਕਰਨ ’ਚ ਮਦਦਗਾਰ ਸਾਬਤ ਹੋ ਸਕਦੈ ਕਾਰਬੋਹਾਈਡ੍ਰੇਟ ਭਰਪੂਰ ਖਾਣਾ
Wednesday, Sep 26, 2018 - 08:22 AM (IST)

ਵਾਸ਼ਿੰਗਟਨ– ਫਲਾਂ, ਸਬਜ਼ੀਅਾਂ ਅਤੇ ਅਨਾਜ ਤੋਂ ਮਿਲਣ ਵਾਲੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਭਾਰ ਘੱਟ ਕਰਨ ਅਤੇ ਜ਼ਿਆਦਾ ਭਾਰ ਵਾਲੇ ਲੋਕਾਂ ’ਚ ਇੰਸੁਲਿਨ ਦੀ ਸਥਿਤੀ ਬਿਹਤਰ ਬਣਾਉਂਦਾ ਹੈ। ਅਮਰੀਕਾ ਦੀ ਗੈਰ-ਲਾਭਕਾਰੀ ‘ਫਿਜੀਅਨਸ ਕਮੇਟੀ ਫਾਰ ਰਿਸਪਾਂਸੀਬਲ ਮੈਡੀਸਨ’ ਨੇ 16 ਹਫਤੇ ਲੰਮੇ ਕਲੀਨਿਕਲ ਟ੍ਰਾਇਲ ਦੌਰਾਨ ਲੋਕਾਂ ਦੇ ਵੱਖ-ਵੱਖ ਸਮੂਹਾਂ ਨੂੰ ਵਨਸਪਤੀ ਆਧਾਰਿਤ ਕਾਰਬੋਹਾਈਡ੍ਰੇਟ ਨਾਲ ਭਰਪੂਰ, ਘੱਟ ਫੈਟ ਵਾਲਾ ਖਾਣਾ ਦਿੱਤਾ ਜਦੋਂਕਿ ਦੂਜੇ ਸਮੂਹ ਨੂੰ ਆਮ ਭੋਜਨ ਕਰਦੇ ਰਹਿਣ ਲਈ ਕਿਹਾ।
‘ਨਿਊਟ੍ਰੀਐਂਟਸ’ ਜਰਨਲ ’ਚ ਪ੍ਰਕਾਸ਼ਿਤ ਇਸ ਅਧਿਐਨ ਦੀ ਮੁਖ ਲੇਖਿਕਾ ਹਾਨਾ ਕਾਹਲੇਓਵਾ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਲੋਕਾਂ ਨੂੰ ਕਾਰਬੋਹਾਈਡ੍ਰੇਟ ਨਾਲ ਡਰਾਇਆ ਜਾਂਦਾ ਹੈ ਪਰ ਅਧਿਐਨ ’ਚ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਫਲਾਂ, ਸਬਜ਼ੀਅਾਂ, ਦਾਲਾਂ ਅਤੇ ਅਨਾਜ ਤੋਂ ਮਿਲਣ ਵਾਲਾ ਕਾਰਬੋਹਾਈਡ੍ਰੇਟ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਅਧਿਐਨ ਦੌਰਾਨ ਵਨਸਪਤੀ ਆਧਾਰਿਤ ਖਾਣਾ ਖਾਣ ਵਾਲੇ ਸਮੂਹ ਨੂੰ ਮਾਸਾਹਾਰ ਨਹੀਂ ਦਿੱਤਾ ਗਿਆ। ਨਾਲ ਹੀ ਉਨ੍ਹਾਂ ਨੂੰ ਦਿਨ ਭਰ ’ਚ ਸਿਰਫ 20-30 ਗ੍ਰਾਮ ਫੈਟ ਦਿੱਤੀ ਗਈ। ਫਿਰ ਵੀ ਉਨ੍ਹਾਂ ਦੀ ਕੈਲੋਰੀ ਜਾਂ ਕਾਰਬੋਹਾਈਡ੍ਰੇਟ ਦੀ ਕੋਈ ਹੱਦ ਤੈਅ ਨਹੀਂ ਕੀਤੀ ਗਈ।