ਬੰਗਲਾਦੇਸ਼ ’ਚ ਦੁਰਗਾ ਪੰਡਾਲਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਸ਼ੇਖ ਹਸੀਨਾ

Saturday, Oct 16, 2021 - 04:36 PM (IST)

ਬੰਗਲਾਦੇਸ਼ ’ਚ ਦੁਰਗਾ ਪੰਡਾਲਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਸ਼ੇਖ ਹਸੀਨਾ

ਢਾਕਾ- ਬੰਗਲਾਦੇਸ਼ ’ਚ ਦੁਰਗਾ ਪੂਜਾ ਸਮਾਰੋਹਾਂ ਦੌਰਾਨ ਪੰਡਾਲਾਂ ਅਤੇ ਮੰਦਰਾਂ ’ਚ ਹੋਏ ਹਮਲੇ ਤੋਂ ਬਾਅਦ ਉੱਥੇ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਘਟਨਾ ਦੇ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਕਮੀਲਾ ’ਚ ਮੰਦਰਾਂ ਅਤੇ ਦੁਰਗਾ ਪੂਜਾ ਪੰਡਾਲਾਂ ’ਤੇ ਹਮਲਾ ਕਰਨ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਹਮਲਿਆਂ ਕਾਰਨ ਸਰਕਾਰ ਨੂੰ 22 ਜ਼ਿਲ੍ਹਿਆਂ ’ਚ ਨੀਮ ਫੌਜੀ ਫ਼ੋਰਸਾਂ ਦੀ ਤਾਇਨਾਤੀ ਕਰਨੀ ਪਈ ਹੈ। ਇਨ੍ਹਾਂ ਹਮਲਿਆਂ ’ਚ ਕੁੱਲ 4 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੁਰਗਾ ਪੂਜਾ ਉਤਸਵ ਮੌਕੇ ਢਾਕਾ ਸਥਿਤ ਢਾਕੇਸ਼ਵਰੀ ਰਾਸ਼ਟਰੀ ਮੰਦਰ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਸ਼ੇਖ ਹਸੀਨਾ ਨੇ ਕਿਹਾ,‘‘ਕਮੀਲਾ ’ਚ ਹੋਈਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਹਮਲਾਵਰ ਕਿਹੜੇ ਧਰਮ ਨਾਲ ਸਬੰਧ ਰੱਖਦੇ ਹਨ।’’ ਪ੍ਰਧਾਨ ਮੰਤਰੀ ਆਪਣੇ ਅਧਿਕਾਰਤ ਘਰ ਤੋਂ ਆਨਲਾਈਨ ਮਾਧਿਅਮ ਨਾਲ ਪ੍ਰੋਗਰਾਮ ’ਚ ਸ਼ਾਮਲ ਹੋਈ।

ਦੱਸਣਯੋਗ ਹੈ ਕਿ ਬੰਗਲਾਦੇਸ਼ ’ਚ ਦੁਰਗਾ ਪੂਜਾ ਸਮਾਰੋਹ ਦੌਰਾਨ ਕੁਝ ਅਣਪਛਾਤੇ ਬਦਮਾਸ਼ਾਂ ਨੇ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਸਰਕਾਰ ਨੂੰ 22 ਜ਼ਿਲ੍ਹਿਆਂ ’ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਕਰਨੀ ਪਈ ਹੈ। ਵੀਰਵਾਰ ਨੂੰ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਕਿ ਦੰਗਿਆਂ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਕ ਨਿਊਜ਼ ਵੈੱਬਸਾਈਟ ਦੀ ਖ਼ਬਰ ਅਨੁਸਾਰ ਈਸ਼ਨਿੰਦਾ ਦੇ ਇਲਜ਼ਾਮਾਂ ਤੋਂ ਬਾਅਦ ਇਥੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਕਮੀਲਾ ’ਚ ਸਥਾਨਕ ਮੰਦਰ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਮਚੇ ਹੰਗਾਮੇ ਦਾ ਕੇਂਦਰਬਿੰਦੂ ਬਣ ਗਿਆ। ਖ਼ਬਰ ਅਨੁਸਾਰ ਪ੍ਰਸ਼ਾਸਨ ਅਤੇ ਪੁਲਸ ਨੇ ਝੜਪ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। 


author

DIsha

Content Editor

Related News