ਆਸਟਰੇਲੀਆ ''ਚ ਪੰਜਾਬੀ ਗੱਭਰੂ ਨੇ ਕਰਵਾਈ ਬੱਲੇ-ਬੱਲੇ, ਰੌਸ਼ਨ ਕੀਤਾ ਪੰਜਾਬ ਦਾ ਨਾਂ

12/15/2017 11:26:25 AM

ਸਿਡਨੀ— ਦੇਸ਼ਾਂ-ਵਿਦੇਸ਼ਾਂ 'ਚ ਗਏ ਪੰਜਾਬੀ ਪੰਜਾਬ ਦਾ ਨਾਂ ਉੱਚਾ ਕਰ ਰਹੇ ਹਨ। ਕੋਈ ਕਾਰੋਬਾਰ ਤੇ ਕੋਈ ਸਿੱਖਿਆ ਦੇ ਖੇਤਰ 'ਚ ਤਰੱਕੀਆਂ ਕਰ ਰਿਹਾ ਹੈ। ਆਸਟਰੇਲੀਆ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਮਨਦੀਪ ਸਿੰਘ ਸੁਨੜ ਨੇ ਪੰਜਾਬੀ ਵਿਸ਼ੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬੀ ਵਿਸ਼ੇ ਦੇ ਅੰਕ 12ਵੀਂ ਦੇ ਨਤੀਜੇ ਵਿੱਚ ਜੁੜੇ ਹਨ। 17 ਸਾਲਾ ਹਰਮਨਦੀਪ ਨੂੰ ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲਾਡਿਸ ਬੇਰੇਕਿਲੀਅਨ ਨੇ ਸਰਟੀਫਕੇਟ ਸੌਂਪਦਿਆਂ ਕਿਹਾ ਕਿ ਸਰਕਾਰ ਨੂੰ ਮਾਣ ਹੈ ਕਿ ਪਰਵਾਸੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵੀ ਮੱਲ੍ਹਾਂ ਮਾਰ ਰਹੇ ਹਨ। ਪੰਜਾਬੀ ਵਿਸ਼ੇ ਦੇ ਅੰਕ 'ਆਸਟਰੇਲੀਅਨ ਟੈਰਸ਼ਿਰੀ ਐਡਮਿਸ਼ਨ ਰੈਂਕ' ਵਿੱਚ ਵੀ ਜੁੜਨੇ ਹਨ।
ਇਸ ਕਾਮਯਾਬੀ ਸਦਕਾ ਹਰਮਨਦੀਪ ਦਾ ਆਸਟਰੇਲੀਆ ਦੇ ਅੰਡਰ ਗ੍ਰੈਜੂਏਟ ਐਂਟਰੀ ਯੂਨੀਵਰਸਿਟੀ ਪ੍ਰੋਗਰਾਮ ਵਿੱਚ ਮੈਡੀਕਲ ਡਾਕਟਰ ਬਣਨ ਦਾ ਸੁਪਨਾ ਹਕੀਕਤ ਬਣੇਗਾ। ਹਰਮਨਦੀਪ ਸਿੰਘ ਨਿਊ ਸਾਊਥ ਵੇਲਜ਼ ਵਿੱਚ ਨੌਕਸ ਗ੍ਰਾਮਰ ਸਕੂਲ ਵਹਰੂੰਗਾ ਦਾ ਵਿਦਿਆਰਥੀ ਹੈ। ਉਹ ਪੰਜਾਬੀ ਭਾਈਚਾਰਕ ਸਕੂਲ, ਸੈਵਨ ਹਿੱਲ ਵਿੱਚ ਸ਼ਨੀਵਾਰ ਨੂੰ ਲੱਗਦੀ ਪੰਜਾਬੀ ਦੀ ਜਮਾਤ ਵਿੱਚ ਪੜ੍ਹਦਾ ਸੀ। ਇਸ 'ਚ ਵੱਖ-ਵੱਖ ਸਕੂਲਾਂ ਦੇ 18 ਵਿਦਿਆਰਥੀ ਪੜ੍ਹਨ ਆਉਂਦੇ ਸਨ, ਜਿਨ੍ਹਾਂ ਵਿੱਚ 12 ਲੜਕੀਆਂ ਹਨ। ਪੰਜਾਬੀ ਸਕੂਲ ਅਧਿਆਪਕਾ ਜੀਵਨਜੋਤ ਕੌਰ ਨੇ ਕਿਹਾ ਕਿ ਹਰਮਨ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਹਰਮਨ ਨੇ ਕਿਹਾ ਕਿ ਸਕੂਲ ਅਤੇ ਖੇਡਾਂ ਵਿੱਚ ਸਿੱਖੀ ਸਰੂਪ ਹੋਣਾ ਉਸ ਲਈ ਏਨੀ ਔਕੜ ਨਹੀਂ ਬਣਿਆ। ਉਸ ਦੇ ਪਿਤਾ ਡਾਕਟਰ  ਹਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤ ਸਫਲਤਾ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਦਾ ਪਰਿਵਾਰ 1977 ਵਿੱਚ ਪਿੰਡ ਸੁਨੜ ਕਲਾਂ, ਨੂਰਮਹਿਲ ਤੋਂ ਆਸਟਰੇਲੀਆ ਚਲਾ ਗਿਆ ਸੀ । ਹਰਮਨਦੀਪ ਦੇ ਨਾਨਕੇ ਪਿੰਡ ਢੇਸੀਆਂ ਕਾਨਾ, ਫਿਲੌਰ ਵਿੱਚ ਹਨ।
ਡਾਕਟਰ ਪਵਿੱਤਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਨਾਲ-ਨਾਲ ਉਹ ਬੱਚਿਆਂ ਦਾ ਪੰਜਾਬ ਵਿੱਚ ਗੇੜਾ ਲਵਾਉਂਦੇ ਰਹਿੰਦੇ ਸਨ, ਜਿਸ ਕਰ ਕੇ ਬੱਚੇ ਠੇਠ ਪੰਜਾਬੀ ਸਿੱਖੇ ਹਨ। ਹਰਮਨ ਦੀ ਸਫਲਤਾ ਪਿੱਛੇ ਉਸ ਦੇ ਪਰਿਵਾਰ ਦਾ ਸਾਥ ਹੈ।


Related News