ਮਾਣ ਦੀ ਗੱਲ, ਪੰਜਾਬ ਦੀ ਧੀ ਹਰਮਨਦੀਪ ਕੌਰ ਇਟਲੀ 'ਚ ਬਣੀ ਬੱਸ ਡਰਾਈਵਰ

Friday, Oct 01, 2021 - 01:56 PM (IST)

ਮਾਣ ਦੀ ਗੱਲ, ਪੰਜਾਬ ਦੀ ਧੀ ਹਰਮਨਦੀਪ ਕੌਰ ਇਟਲੀ 'ਚ ਬਣੀ ਬੱਸ ਡਰਾਈਵਰ

ਰੋਮ/ਇਟਲੀ (ਦਲਵੀਰ ਕੈਂਥ)- ਇਟਲੀ ਵਿਚ ਪੰਜਾਬ ਦੀ ਧੀ ਹਰਮਨਦੀਪ ਕੌਰ ਨੇ ਆਪਣੇ ਦ੍ਰਿੜ ਇਰਾਦੇ ਅਤੇ ਅਣਥੱਕ ਮਿਹਨਤ ਸਦਕਾ ਸਿਰਫ਼ 6 ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿਚ ਉਹ ਕਰ ਦਿਖਾਇਆ, ਜਿਸ ਨੂੰ ਪਿਛਲੇ 30-30 ਸਾਲਾਂ ਤੋਂ ਇਟਲੀ ਰਹਿੰਦੇ ਬੰਦੇ ਨਹੀਂ ਕਰ ਸਕੇ। ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਕਸਤੀਲਿੳਨੇ ਦੀ ਰਹਿਣ ਵਾਲੀ ਪੰਜਾਬਣ ਹਰਮਨਦੀਪ ਕੌਰ ਕਰੀਬ 6 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆਈ ਸੀ। ਬਚਪਨ ਤੋਂ ਹੀ ਪੜ੍ਹਾਈ ਵਿਚ ਤੇਜ਼ ਹਰਮਨਦੀਪ ਨੇ ਇਟਲੀ ਆਕੇ ਸਭ ਤੋਂ ਪਹਿਲਾਂ ਇਟਾਲੀਅਨ ਭਾਸ਼ਾ ਵਿਚ ਪਕੜ ਬਣਾਈ ਅਤੇ ਬੱਸ ਦਾ ਲਾਇਸੈਂਸ ਪ੍ਰਾਪਤ ਕਰ ਲਿਆ। 28 ਸਾਲਾ ਹਰਮਨਦੀਪ ਕੌਰ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਰੰਗੀਆਂ ਦੀ ਰਹਿਣ ਵਾਲੀ ਹੈ। ਪੰਜਾਬ ਵਿਚ ਐਮ.ਐਸ. ਸੀ ਵਿਚ ਪੋਸਟ ਗ੍ਰੈਜੂਏਸ਼ਨ ਕਰ ਚੁੱਕੀ ਹਰਮਨਦੀਪ ਕੌਰ ਨੇ ਇਟਲੀ ਆਕੇ ਵੀ ਪੜ੍ਹਾਈ ਜਾਰੀ ਰੱਖੀ ਅਤੇ ਨੌਕਰੀ ਦੇ ਕਿੱਤੇ ਵੱਜੋਂ ਬੱਸ ਡਰਾਈਵਿੰਗ ਨੂੰ ਚੁਣਿਆ, ਜਿਸ ਲਈ ਉਸ ਨੇ ਬੀ.ਸੀ.ਡੀ.ਈ. (ਚੀ.ਕਿਯੂ. ਚੀ. ਮੈਰਚੀ, ਅਤੇ ਚੀ.ਕਿਯੂ. ਚੀ. ਪਰਸਿਓਨੇ) ਵਰਗੇ ਲਾਇਸੈਂਸ ਦੇ ਟੈਸਟ ਪਾਸ ਕੀਤੇ, ਜਿਸ ਤੋਂ ਬਾਅਦ ਉਹ ਹੁਣ ਬਰੇਸ਼ੀਆ ਵਿਖੇ 'ਅਰੀਵਾ ਗਰੁੱਪ' ਵਿਚ ਪਿਛਲੇ 2 ਮਹੀਨਿਆਂ ਤੋਂ ਬਤੌਰ ਬੱਸ ਡਰਾਈਵਰ ਦੀ ਸੇਵਾ ਨਿਭਾ ਰਹੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਪੁਲਸ ਅਫ਼ਸਰ ਨੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਕੀਤਾ ਜ਼ਬਰ-ਜਿਨਾਹ, ਫਿਰ ਕਤਲ ਪਿੱਛੋਂ ਲਾਸ਼ ਨੂੰ ਲਗਾਈ ਅੱਗ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਦੀਪ ਕੌਰ ਨੇ ਕਿਹਾ ਮਿਹਨਤ ਕਰਨ ਨਾਲ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ, ਬੱਸ ਇਸ ਲਈ ਦ੍ਰਿੜ ਇਰਾਦਿਆਂ ਦੀ ਲੋੜ ਹੁੰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਮਨਦੀਪ ਕੌਰ ਦੇ ਪਤੀ ਜਸਪ੍ਰੀਤ ਸਿੰਘ ਜੋ ਕਿ ਪਿਛਲੇ 8 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਹਨ, ਉਹ ਪ੍ਰਾਈਵੇਟ ਤੌਰ 'ਤੇ ਆਪਣੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਖ-ਵੱਖ ਲਾਇਸੈਂਸ ਦੀ ਪੜ੍ਹਾਈ ਨੂੰ ਇਟਾਲੀਅਨ ਭਾਸ਼ਾ ਤੋਂ ਪੰਜਾਬੀ ਭਾਸ਼ਾ 'ਚ ਅਨੁਵਾਦ ਕਰਕੇ ਪੜ੍ਹਾਉਂਦੇ ਹਨ। ਹਰਮਨਦੀਪ ਕੌਰ ਇਟਲੀ ਦੀ ਉਹ ਪੰਜਾਬਣ ਹੈ ਜੋ ਅੱਜ ਇਟਲੀ ਵਿਚ ਜਿਸ ਉਚਾਈ 'ਤੇ ਪਹੁੰਚ ਗਈ ਹੈ ਉਸ 'ਤੇ ਪਹੁੰਚਣਾ ਇਟਲੀ ਦੇ ਬਹੁਤੇ ਭਾਰਤੀ ਲੋਕਾਂ ਲਈ ਸੁਫ਼ਨੇ ਦੇ ਬਰਾਬਰ ਹੀ ਹੈ। ਕਿਉਂਕਿ ਬਗਾਨੇ ਦੇਸ਼ ਅਤੇ ਬਗਾਨੀ ਬੋਲੀ ਵਿਚ ਉਹੀ ਇਨਸਾਨ ਗਹਿਗਚ ਹੋਕੇ ਕਾਮਯਾਬੀ ਹਾਸਲ ਕਰ ਸਕਦਾ ਜਿਹੜਾ ਕਿ ਪੰਜਾਬ ਤੋਂ ਆਉਣ ਸਮੇਂ ਆਪਣੇ ਨਾਲ ਇਹ ਵਾਅਦਾ ਕਰਕੇ ਆਉਂਦਾ ਹੈ ਕਿ ਕੁਝ ਵੀ ਹੋ ਜਾਵੇ ਪਰ ਆਪਣੀ ਮੰਜ਼ਿਲ ਨੂੰ ਆਪਣੇ ਬਲਬੂਤੇ ਹੀ ਪਾਉਣਾ ਹੈ। 

ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਮੌਤ, 22 ਜ਼ਖ਼ਮੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News