ਹਰਕੀਰਤ ਸੰਧਰ ਦੀ ਦੂਸਰੀ ਕਿਤਾਬ ‘ਕਿਸਾਨ ਨਾਮਾ’ ਸਿਡਨੀ ਪਾਰਲੀਮੈਂਟ ''ਚ ਲੋਕ ਅਰਪਿਤ
Wednesday, Mar 23, 2022 - 04:08 PM (IST)
ਮੈਲਬੌਰਨ/ਸਿਡਨੀ (ਮਨਦੀਪ ਸੈਣੀ/ਸਨੀ ਚਾਂਦਪੁਰੀ)- ਹਰਕੀਰਤ ਸੰਧਰ ਦੀ ਪਹਿਲੀ ਕਿਤਾਬ ‘ਜਦੋਂ ਤੁਰੇ ਸੀ’ ਜੋ ਕਿ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੇ ਸਫ਼ਰ 'ਤੇ ਆਧਾਰਿਤ ਸੀ ਤੋਂ ਬਾਅਦ ਹੁਣ ਦੂਸਰੀ ਕਿਤਾਬ ‘ਕਿਸਾਨ ਨਾਮ’ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਲੋਕ ਅਰਪਿਤ ਕੀਤੀ ਗਈ। ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਚੱਲੇ ਕਿਸਾਨੀ ਸੰਘਰਸ਼ ਨੂੰ ਤਵਾਰੀਖ਼ਾਂ ਅਤੇ ਟਾਈਮ ਲਾਈਨ ਜ਼ਰੀਏ ਸ਼ਬਦਾਂ ਨਾਲ ਸਿਰਜ ਕੇ ਹਰਕੀਰਤ ਸੰਧਰ ਵੱਲੋਂ ਲਿਖੀ ਕਿਤਾਬ ਕਿਸਾਨ ਨਾਮਾ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ (ਸਿਡਨੀ) ਵਿਚ ਲੋਕ ਅਰਪਿਤ ਕੀਤੀ ਗਈ।
ਇਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਕੁਝ ਗਿਣਵੀਆਂ ਚੁਣਵੀਆਂ ਕਿਤਾਬਾਂ ਹੀ ਲੋਕ ਅਰਪਿਤ ਹੁੰਦੀਆਂ ਹਨ। ਪਾਰਲੀਮੈਂਟ ਵਿਚ ਮਾਣਯੋਗ ਐਮ ਪੀ ਜੀਓਫ ਲੀਅ, ਐਮ ਐਲ ਸੀ ਡੇਵਿਡ ਸੋਅਬ੍ਰਿਜ, ਐਮ ਪੀ ਹਿਊਗ ਡਰਮੱਟ ਦੇ ਨਾਲ ਨਾਲ ਆਸਟ੍ਰੇਲੀਆ ਭਰ ਤੋਂ ਕਿਸਾਨੀ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋਏ। ਇੱਥੇ ਦੱਸਣਯੋਗ ਹੈ ਕਿ ਡੇਵਿਡ ਸੂਅਬਿ੍ਜ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਸੀ ਅਤੇ ਉਨ੍ਹਾਂ ਦੇ ਹੱਕ ਵਿੱਚ ਵੀ ਕਈ ਵਾਰ ਪੋਸਟਾਂ ਪਾਈਆਂ ਅਤੇ ਬਿਆਨ ਦਿੱਤੇ ਸਨ। ਮਾਣਯੋਗ ਡੇਵਿਡ ਸੂਅਬਰਿਜ ਨੇ ਹਰਕੀਰਤ ਸਿੰਘ ਸੰਧਰ ਨੂੰ ਕਿਤਾਬ ਲਿਖਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਫਰਜ਼ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਚੱਲਦੇ ਇਸ ਕਿਸਾਨੀ ਸੰਘਰਸ਼ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਯਾਦ ਰੱਖਿਆ ਜਾਵੇ। ਐਮ ਪੀ ਜੀਓਫ ਲੀਅ ਨੇ ਸੰਧਰ ਦੇ ਇਸ ਕੰਮ 'ਤੇ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਲੋਕਤੰਤਰ ਵਿੱਚ ਸਭ ਨੂੰ ਬੋਲਣ ਦੀ ਆਜ਼ਾਦੀ ਹੈ। ਸੁਖਜਿੰਦਰ ਸਿੰਘ ਨੇ ਜਿੱਥੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਕਿਸਾਨਾਂ ਨਾਲ ਜੁੜਨ ਦੀ ਗੱਲ ਆਖੀ ਉਥੇ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਇਸ ਕਿਤਾਬ ਰਾਹੀਂ ਇਤਿਹਾਸ ਨੂੰ ਸਾਂਭਣ ਤੇ ਹਰਕੀਰਤ ਸਿੰਘ ਸੰਧਰ ਦਾ ਧੰਨਵਾਦ ਕੀਤਾ।
ਕਿਸਾਨ ਨਾਮਾ ਟੀਮ ਦੇ ਮੈਂਬਰ ਸੁਖਮਨਦੀਪ ਕੌਰ ਨੇ ਕਿਤਾਬ ਦੇ ਵੱਖ ਵੱਖ ਪਹਿਲੂਆਂ 'ਤੇ ਜਿੱਥੇ ਪੰਛੀ ਝਾਤ ਪਾਈ ਉਥੇ ਦਵਿੰਦਰ ਸਿੰਘ ਧਾਰੀਆ, ਗੈਰੀ ਸਾਹਨੀ, ਅਮਰਿੰਦਰ ਸਿੰਘ ਬਾਜਵਾ ਅਤੇ ਬਲਵਿੰਦਰ ਰੂਬੀ ਨੇ ਕਿਤਾਬ ਦੀ ਬਣਤਰ ਅਤੇ ਦਿੱਤੇ ਹਵਾਲਿਆਂ ਨੂੰ ਆਉਣ ਵਾਲੀ ਪੀੜ੍ਹੀ ਲਈ ਇਕ ਵਰਦਾਨ ਦੱਸਿਆ। ਕਿਸਾਨ ਨਾਮਾ ਕਿਤਾਬ ਦੇ ਲੇਖਕ ਹਰਕੀਰਤ ਸਿੰਘ ਸੰਧਰ ਨੇ ਦੱਸਿਆ ਕਿ ਇਹ ਕਿਤਾਬ ਅਸਲ ਵਿਚ ਉਨ੍ਹਾਂ ਸਾਰਿਆਂ ਕਿਸਾਨਾਂ ਦੀ ਹੈ ਜਿਹੜੇ ਪਹਿਲੇ ਦਿਨ ਤੋਂ ਇਸ ਕਿਸਾਨੀ ਸੰਘਰਸ਼ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਸਾਡੀ ਕੌਮ ਬੜੀ ਬਹਾਦਰਾਂ ਅਤੇ ਸੂਰਵੀਰਾਂ ਦੀ ਹੈ ਪਰ ਦਿੱਤੇ ਬਲੀਦਾਨਾਂ ਨੂੰ ਲਿਖਤੀ ਰੂਪ ਵਿਚ ਰੱਖਣ ਤੋਂ ਹਮੇਸ਼ਾ ਅਸਮਰੱਥ ਰਹੇ। 733 ਸ਼ਹੀਦਾਂ ਨੂੰ ਇਸ ਕਿਤਾਬ ਰਾਹੀਂ ਪੇਸ਼ ਕੀਤਾ ਗਿਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਡੇਰਿਆਂ 'ਤੇ ਫ਼ਖ਼ਰ ਕਰ ਸਕਣ ਅਤੇ ਇਸ ਕਿਸਾਨੀ ਸੰਘਰਸ਼ ਨੂੰ ਸਮਝ ਸਕਣ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਭਾਰਤ ਨੂੰ ਕਵਾਡ 'ਚ ਦੱਸਿਆ ਇਕ 'ਮਹੱਤਵਪੂਰਨ ਸਹਿਯੋਗੀ'
ਇੱਥੇ ਦੱਸਣਾ ਬਣਦਾ ਹੈ ਕਿ ਲੇਖਕ ਹਰਕੀਰਤ ਸਿੰਘ ਸੰਧਰ ਵੱਲੋਂ ਭਾਰਤੀਆਂ ਦਾ ਆਸਟ੍ਰੇਲੀਆ ਦੇ ਸਫਰ ਤੇ ਲਿਖੀ ਕਿਤਾਬ 'ਜਦੋਂ ਤੁਰੇ ਸੀ' ਬਹੁਤ ਚਰਚਿਤ ਰਹੀ ਹੈ ਅਤੇ ਸਕੂਲੀ ਬੱਚਿਆਂ ਦੇ ਲਈ ਉਹ ਖੋਜ ਭਰਪੂਰ ਸਿੱਧ ਹੋ ਰਹੀ ਹੈ। ਦਵਿੰਦਰ ਸਿੰਘ ਧਾਰੀਆ ਨੇ ਉਸਤਾਦ ਯਮਲਾ ਜੱਟ ਦੇ ਪੰਜਾਬੀ ਬੋਲੀ ਦੇ ਗਾਣੇ ਨਾਲ ਸਾਰਿਆਂ ਨੂੰ ਝੂਮਣ ਲਾ ਦਿੱਤਾ। ਆਖ਼ਰ ਵਿਚ ਲੇਖਕ ਹਰਕੀਰਤ ਸਿੰਘ ਸੰਧਰ ਨੇ ਨਿਊ ਸਾਊਥ ਵੇਲਜ਼ ਪਾਰਲੀਮੈਂਟ ਵਿਖੇ ਸਾਰਿਆਂ ਦੇ ਆਉਣ ਦਾ ਧੰਨਵਾਦ ਕੀਤਾ ਅਤੇ ਕਿਤਾਬਾਂ ਨੂੰ ਪਿਆਰ ਕਰਨ ਦੀ ਤਜਵੀਜ਼ ਵੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਕੀਵ 'ਚ ਖ਼ਤਰੇ ਦੇ ਸਾਏ ਹੇਠ ਲੋਕਾਂ ਦੀ ਮਦਦ ਕਰ ਰਹੀਆਂ ਨੇ ਦੋ ਭਾਰਤੀ ਨਨਜ਼