ਹਰਜਿੰਦਰ ਸਿੰਘ ਬਾਹੀਆ ਦੀ ਬੱਲੇ-ਬੱਲੇ, ਬਣੇ ਐਚ. ਪੀ. ਬੀ. ਏ. ਦੇ ਉਪ-ਚੇਅਰਮੈਨ

01/24/2019 1:56:21 PM

ਨਿਊਜਰਸੀ, ( ਰਾਜ ਗੋਗਨਾ)— ਕਾਰਟਰੇਟ ਨਿਊਜਰਸੀ ਦੀ ਬਹੁਪੱਖੀ ਸਖਸ਼ੀਅਤ ਸ. ਹਰਜਿੰਦਰ ਸਿੰਘ ਬਾਹੀਆ ਕਾਰਟਰੇਟ ਆਨਰੇਰੀ ਪੁਲਸ ਬੈਨੇਵੋਲੈਂਟ ਦੇ ਸਾਲ 2019 ਲਈ ਉਪ-ਚੇਅਰਮੈਨ ਬਣਾਏ ਗਏ ਹਨ। ਹਰਜਿੰਦਰ ਸਿੰਘ ਬਾਹੀਆ ਵੱਖ-ਵੱਖ ਖੇਤਰਾਂ 'ਚ ਸਰਗਰਮੀਆਂ ਨਾਲ ਵਿਚਰਦੇ ਆ ਰਹੇ ਹਨ । ਉਹ ਕਾਰਟਰੇਟ ਵਿਖੇ ਰੀਪਬਲਿਕਨ ਪਾਰਟੀ ਦੇ ਸੀਨੀਅਰ ਵਾਇਸ ਚੇਅਰਮੈਨ ਵੀ ਹਨ ਅਤੇ ਮਿਡਲਸੈਕਸ ਕਾਊਂਟੀ, ਨਿਊਜਰਸੀ ਦੀ ਰੀਪਬਲਿਕਨ ਕਮੇਟੀ ਦੇ ਵੀ ਮੈਂਬਰ ਹਨ।

ਜ਼ਿਕਰਯੋਗ ਹੈ ਕਿ ਸ. ਬਾਹੀਆ 2016 'ਚ ਕਾਰਟਰੇਟ ਦੀ ਸਿਟੀ ਕੌਂਸਲ ਲਈ ਵੀ ਰੀਪਬਲਿਕਨ ਪਾਰਟੀ ਵਲੋਂ ਚੋਣ ਲੜ ਚੁੱਕੇ ਹਨ। ਹਰਜਿੰਦਰ ਸਿੰਘ ਬਾਹੀਆ ਜਲੰਧਰ ਦੇ ਸੈਂਟਰਲ ਸਕੂਲ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੜ੍ਹਦਿਆਂ ਨੈਸ਼ਨਲ ਪੱਧਰ ਤੱਕ ਹਾਕੀ ਵੀ ਖੇਡਦੇ ਰਹੇ ਹਨ ਅਤੇ ਅਮਰੀਕਾ ਆ ਕੇ ਉਨ੍ਹਾਂ ਦੀਆਂ ਖੇਡਾਂ 'ਚ ਦਿਲਚਸਪੀ ਨੇ ਉਨ੍ਹਾਂ ਨੂੰ ਸਾਕਰ ਕੋਚ ਬਣਾ ਦਿੱਤਾ ਹੈ । ਉਹ ਆਪਣੇ ਰੁਝੇਵਿਆਂ ਭਰੀ ਜਿੰਦਗੀ 'ਚੋ ਸਮਾਂ ਕੱਢ ਕੇ ਬੱਚਿਆਂ ਨੂੰ ਨਿਊਜਰਸੀ ਸਾਕਰ ਦੀ ਕੋਚਿੰਗ ਦੇ ਰਹੇ ਹਨ। 

ਪਿਛਲੇ ਕੁਝ ਸਮੇਂ ਤੋਂ ਕਾਰਟਰੇਟ ਟਾਊਨ ਪ੍ਰੀਮੀਅਰ ਸਾਕਰ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ। ਪਿਛਲੇ ਸੀਜ਼ਨ 'ਚ ਹਰਜਿੰਦਰ ਸਿੰਘ ਬਾਹੀਆ ਦੀਆਂ ਟੀਮਾਂ ਨੇ ਮਿਡ ਜਰਸੀ ਸਾਕਰ ਲੀਗ ਲੜੀ ਜਿੱਤੀ ਸੀ ।ਹਰਜਿੰਦਰ ਸਿੰਘ ਦੀਆਂ ਦੋ ਟੀਮਾਂ ਅੰਡਰ 14 ਅਤੇ ਅੰਡਰ 15 ਸਾਲ ਚੈਂਪੀਅਨ ਬਣੀਆਂ ਸਨ ਤੇ ਤੀਜੀ ਟੀਮ ਬਰਾਬਰ ਰਹੀ ਸੀ। ਉਹਨਾਂ ਦੀਆਂ ਟੀਮ ਨੂੰ ਹੋਰ ਕੋਈ ਟੀਮ ਨਹੀਂ ਹਰਾ ਸਕੀ। ਸ. ਬਾਹੀਆ ਖੇਡਾਂ ਤੇ ਸਿਆਸਤ ਤੋਂ ਇਲਾਵਾ ਧਾਰਮਿਕ ਖੇਤਰ 'ਚ ਵੀ ਸਰਗਰਮ ਰਹਿੰਦੇ ਹਨ ਅਤੇ ਦਸ਼ਮੇਸ਼ ਦਰਬਾਰ ਦੇ ਸਰਗਰਮ ਮੈਂਬਰ ਹਨ।ਹਰਜਿੰਦਰ ਸਿੰਘ ਬਾਹੀਆ 5 ਕੁ ਸਾਲ ਤੋਂ ਪੀ. ਬੀ. ਏ. ਦੇ ਮੈਂਬਰ ਰਹੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਸ ਸਾਲ ਲੋਕਲ 47 ਵਲੋਂ ਉਨ੍ਹਾਂ ਨੂੰ ਇਸ ਸੰਸਥਾ ਦਾ ਉਪ-ਚੇਅਰਮੈਨ ਬਣਨ ਦਾ ਮਾਣ  ਪ੍ਰਾਪਤ ਹੋਇਆ ਹੈ ,ਜਿਹੜਾ ਕਿ ਕਿਸੇ ਪਹਿਲੇ ਪੰਜਾਬੀ ਨੂੰ ਇਹ ਮਾਣ ਮਿਲਿਆ ਹੈ।


Related News