ਹਾਮਿਦ ਕਰਜ਼ਈ ਨੇ ਪਾਕਿ ਨੂੰ ਦਿੱਤੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ’ਚ ਨਾ ਦੇਵੇ ਦਖ਼ਲ
Tuesday, Oct 19, 2021 - 03:07 PM (IST)
ਕਾਬੁਲ: ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰੇ। ਪਾਕਿਸਤਾਨ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੀ ਨੀਤੀ ਤੋਂ ਹੱਟ ਕੇ ਅਫ਼ਗਾਨਿਸਤਾਨ ਨਾਲ ਉਸੇ ਤਰ੍ਹਾਂ ਦਾ ਹੀ ਵਤੀਰਾ ਕਰੇ, ਜਿਵੇਂ ਕਿ ਅੰਤਰਰਾਸ਼ਟਰੀ ਮਾਮਲਿਆਂ ਵਿਚ ਇਕ ਦੇਸ਼ ਦੂਜੇ ਦੇਸ਼ ਨਾਲ ਕਰਦਾ ਹੈ।
ਵਾਇਸ ਆਫ਼ ਅਮਰੀਕਾ ਨਾਲ ਇੰਟਰਵਿਊ ਦੌਰਾਨ ਕਰਜ਼ਈ ਨੇ ਕਿਹਾ ਸਾਡੇ ਭਰਾ ਦੇਸ਼ ਪਾਕਿਸਤਾਨ ਨੂੰ ਸੰਦੇਸ਼ ਹੈ ਕਿ ਉਹ ਅਫ਼ਗਾਨਿਸਤਨ ਦੀ ਪ੍ਰਤੀਨਿਧਤਾ ਕਰਨ ਦੀ ਕੋਸ਼ਿਸ਼ ਨਾ ਕਰੇ। ਸਾਬਕਾ ਰਾਸ਼ਟਰਪਤੀ ਨੇ ਕਿਹਾ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਨਾਲ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਉਥੋਂ ਦੇ ਮਾਮਲਿਆਂ ਵਿਚ ਦਖ਼ਲ ਦਿੰਦੇ ਹੋਏ ਨਹੀਂ ਕਰਨੀ ਚਾਹੀਦੀ। ਪਾਕਿਸਤਾਨ ਜੇਕਰ ਸਹੀ ਤਰੀਕੇ ਨਾਲ ਅਫ਼ਗਾਨਿਸਤਾਨ ਨਾਲ ਸਬੰਧ ਕਾਇਮ ਰੱਖੇਗਾ ਤਾਂ ਸਾਨੂੰ ਖ਼ੁਸ਼ੀ ਹੋਵੇਗੀ। ਅਫ਼ਗਾਨਿਸਤਾਨ ਵਿਚ ਅੱਤਵਾਦੀ ਸੰਗਠਨ ਆਈ.ਐਸ. ਦੇ ਹਮਲੇ ਵੱਧਣ ‘ਤੇ ਚਿੰਤਾ ਜਤਾਉਂਦੇ ਹੋਏ ਕਰਜ਼ਈ ਨੇ ਕਿਹਾ, ਇਹ ਅਫ਼ਗਾਨਿਸਤਾਨ ਅਤੇ ਪੂਰੇ ਖੇਤਰ ਲਈ ਹਾਨੀਕਾਰਕ ਹੈ।