ਨਾਸਾ ਨੂੰ ਲੱਗ ਚੁੱਕਾ ਹੈ ਏਲੀਅਨਾਂ ਦਾ ਪਤਾ, ਛੇਤੀ ਹੋ ਸਕਦਾ ਹੈ ਇਤਿਹਾਸ ਦਾ ਸਭ ਤੋਂ ਵੱਡਾ ਖੁਲਾਸਾ!

06/26/2017 12:55:00 PM

ਵਾਸ਼ਿੰਗਟਨ— ਛੇਤੀ ਹੀ ਏਲੀਅਨਾਂ ਦੇ ਰਹੱਸ ਤੋਂ ਪਰਦਾ ਉੱਠੇਗਾ ਅਤੇ ਇਸ ਬਾਰੇ ਲਗਾਏ ਜਾ ਰਹੇ ਵੱਖ-ਵੱਖ ਖਦਸ਼ਿਆਂ ਦਾ ਅੰਤ ਹੋਵੇਗਾ। ਇਹ ਦਾਅਵਾ ਹੈ ਹੈਕਰਾਂ ਅਤੇ ਆਨਲਾਈਨ ਵਰਕਰਾਂ ਦੇ ਇਕ ਅਗਿਆਤ ਸਮੂਹ ਦਾ। ਇਨ੍ਹਾਂ ਦਾ ਦਾਅਵਾ ਹੈ ਕਿ ਨਾਸਾ ਨੇ ਏਲੀਅਨਾਂ ਦੀ ਹੋਂਦ ਦਾ ਪਤਾ ਲਗਾ ਲਿਆ ਹੈ ਅਤੇ ਛੇਤੀ ਹੀ ਇਸ ਦਾ ਐਲਾਨ ਹੋਵੇਗਾ। ਇਕ ਅਗਿਆਤ ਵਿਅਕਤੀ ਵੱਲੋਂ ਜਾਰੀ ਕੀਤੇ ਗਈ ਇਕ ਵੀਡੀਓ ਵਿਚ ਪੁਲਾੜ ਯਾਤਰੀਆਂ ਅਤੇ ਪੁਲਾੜ ਵਿਗਿਆਨ ਵਿਚ ਰੁੱਚੀ ਰੱਖਣ ਵਾਲੇ ਸ਼ੌਕੀਨਾਂ ਵੱਲੋਂ ਏਲੀਅਨਾਂ ਦੀ ਹੋਂਦ ਨਾਲ ਸੰਬੰਧਤ ਬਿਆਨਾਂ ਦਾ ਹਵਾਲਾ ਦਿੱਤਾ ਗਿਆ। ਸਮੇਂ-ਸਮੇਂ 'ਤੇ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਉਡਣ ਤਸ਼ਤਰੀਆਂ ਦਿਖਾਈ ਦੇਣ ਦੇ ਸਬੂਤਾਂ ਨੂੰ ਵੀ ਪੇਸ਼ ਕੀਤਾ ਗਿਆ। ਇਹ ਸਾਰੇ ਸਬੂਤ ਦੱਸਦੇ ਹਨ ਕਿ ਪੁਲਾੜ ਵਿਚ ਉੱਪਰ ਕੁਝ ਹੋਣ ਵਾਲਾ ਹੈ। 
ਵੈੱਬਸਾਈਟ ਆਰ. ਟੀ. ਡਾਟ ਕਾਮ ਦੀ ਰਿਪੋਰਟ ਅਨੁਸਾਰ ਇਨ੍ਹਾਂ ਅਗਿਆਤ ਲੋਕਾਂ ਨੇ ਨਾਸਾ ਵੱਲੋਂ ਹਾਲ ਹੀ ਵਿਚ ਕੀਤੀਆਂ ਕੁਝ ਖੋਜਾਂ ਤੋਂ ਇਲਾਵਾ ਅਪ੍ਰੈਲ ਵਿਚ ਅਮਰੀਕਾ ਦੀ ਸੰਸਦ ਨੂੰ 'ਅਡਵਾਂਸੇਸ ਇਨ ਦਿ ਸਰਚ ਫਾਰ ਲਾਈਫ' ਨਾਮੀ ਸਿਰਲੇਖ 'ਤੇ ਨਾਸਾ ਦੇ ਇਕ ਬੁਲਾਰੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਆਧਾਰ 'ਤੇ ਇਹ ਦਾਅਵੇ ਕੀਤੇ ਹਨ। ਨਾਸਾ ਵਿਚ ਵਿਗਿਆਨ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਐਡਮਿਨਸਟ੍ਰੇਟਰ ਥਾਮਸ ਜੁਰਬੁਚੇਨ ਨੇ ਕਿਹਾ ਕਿ ਹਾਲ ਹੀ ਵਿਚ ਨਾਸਾ ਵੱਲੋਂ ਸ਼ਨੀ ਦੇ ਉਪਗ੍ਰਹਿ ਐਂਸੇਲੈਡਸ ਵਿਚ ਹਾਈਡ੍ਰੋਜਨ ਦੀ ਖੋਜ ਅਤੇ ਬ੍ਰਹਿਸਪਤੀ ਦੇ ਉਪਗ੍ਰਹਿ ਯੂਰੋਪਾ ਦੇ ਸਮੁੰਦਰਾਂ ਤੋਂ ਹਬਲ ਟੀਮਾਂ ਦੇ ਹਾਂਪੱਖੀ ਨਤੀਜੇ ਆਉਣਾ, ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਪਹਿਲੀ ਵਾਰ ਏਲੀਅਨਾਂ ਅਤੇ ਦੂਜੇ ਗ੍ਰਹਾਂ ਦੇ ਜੀਵਾਂ  ਦੀ ਹੋਂਦ ਦੇ ਸਬੂਤਾਂ ਦੀ ਖੋਜ ਦੇ ਨੇੜੇ ਹਾਂ। ਜੁਰਬੁਚੇਨ ਨੇ ਕਿਹਾ ਕਿ ਏਲੀਅਨਾਂ ਦੀ ਹੋਂਦ ਦਾ ਸਬੂਤ ਖੋਜਣ ਲਈ ਪੂਰੀ ਦੁਨੀਆ ਵਿਚ ਚੱਲ ਰਹੀਆਂ ਮੁਹਿੰਮਾਂ ਦੇ ਮੱਦੇਨਜ਼ਰ ਅਸੀਂ ਇਤਿਹਾਸ ਦੀ ਸਭ ਤੋਂ ਅਦਭੁੱਤ ਖੋਜ ਦੇ ਬੇਹੱਦ ਨੇੜੇ ਹਾਂ।


Related News