ਹੈਕਰਾਂ ਨੇ ਹੈਕ ਕੀਤੇ ''ਰੈੱਡ ਅਲਰਟ'' ਐਪ, ਇਜ਼ਰਾਈਲੀਆਂ ਨੂੰ ਭੇਜੇ ਫਰਜ਼ੀ ਰਾਕੇਟ ਅਲਰਟ
Wednesday, Oct 18, 2023 - 07:43 PM (IST)
ਗੈਜੇਟ ਡੈਸਕ- ਇਜ਼ਰਾਈਲ ਅਤੇ ਹਮਾਸ ਦੀ ਜੰਗ 'ਚ ਹੈਕਰ ਵੀ ਕੁੱਦ ਪਏ ਹਨ। ਚਾਰੇ ਪਾਸੇ ਤਬਾਹੀ ਵਿਚਕਾਰ ਇਹ ਹੈਕਰ ਲੋਕਾਂ ਨੂੰ ਫਰਜ਼ੀ ਅਲਰਟ ਭੇਜ ਰਹੇ ਹਨ। ਜਿਸ ਐਪ ਨੂੰ ਲੋਕਾਂ ਨੂੰ ਅਲਰਟ ਕਨਰ ਲਈ ਡਿਜ਼ਾਈਨ ਕੀਤਾ ਗਿਆ ਸੀ ਅੱਜ ਓਹੀ ਐਪ ਖੁਦ ਅਲਰਟ ਮੋਡ 'ਤੇ ਹਨ। ਇਸ ਐਪ ਦਾ ਨਾਂ 'ਰੈੱਡ ਅਲਰਟ' ਹੈ ਜਿਸਨੂੰ ਐਮਰਜੈਂਸੀ 'ਚ ਲੋਕਾਂ ਨੂੰ ਅਲਰਟ ਕਰਨ ਲਈ ਤਿਆਰ ਕੀਤਾ ਗਿਆ ਸੀ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 'ਚ ਹੈਕਰਾਂ ਨੇ ਰੈੱਡ ਅਲਰਟ ਨੂੰ ਹੈਕ ਕਰ ਲਿਆ ਹੈ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਰਾਕੇਟ ਜਾਂ ਮਿਜ਼ਾਈਲ ਨੂੰ ਲੈ ਕੇ ਫਰਜ਼ੀ ਅਲਰਟ ਭੇਜ ਰਹੇ ਹਨ ਜਿਸ ਨਾਲ ਲੋਕ ਪਰੇਸ਼ਾਨ ਹੋ ਰਹੇ ਹਨ।
ਰੈੱਡ ਅਲਰਟ 'ਤੇ ਹੈਕਰਾਂ ਨੇ ਨਿਊਕਲੀਅਰ ਅਟੈਕ ਦਾ ਵੀ ਅਲਰਟ ਭੇਜਿਆ ਹੈ ਜੋ ਕਿ ਫਰਜ਼ੀ ਹੈ। AnonGhost ਹੈਕਟੀਵਿਸਟ ਗਰੁੱਪ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਰੈੱਡ ਅਲਰਟ ਐਪ ਦੀ ਸਕਿਓਰਿਟੀ 'ਚ ਸੰਨ੍ਹ ਲਗਾ ਦਿੱਤੀ ਹੈ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਪਰਮਾਣੂ ਬੰਬ ਦੇ ਹਮਲੇ ਨੂੰ ਲੈ ਕੇ ਅਲਰਟ ਭੇਜਣ 'ਚ ਕਾਮਯਾਬ ਰਹੇ ਹਨ। ਕੁਝ ਫਰਜ਼ੀ ਅਲਰਟ 'ਤੇ ਸਵਾਸਤਿਕ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸਕਿਓਰਿਟੀ ਮਾਹਿਰਾਂ ਮੁਤਾਬਕ, ਹੈਕਰਾਂ ਨੂੰ ਐਪ ਦੀ ਕਿਸੇ ਖਾਮੀ ਦਾ ਫਾਇਦਾ ਹੋਇਆ ਹੈ। ਹੈਕਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੁਆਰਾ ਰੈੱਡ ਅਲਰਟ ਐਪ 'ਤੇ ਅਲਰਟ ਭੇਜਣ ਤੋਂ ਬਾਅਦ ਲੋਕਾਂ ਦੇ ਫੋਨ ਇੰਟਰਨੈੱਟ ਤੋਂ ਡਿਸਕੁਨੈਕਟ ਹੋ ਗਏ ਅਤੇ ਕਈਆਂ ਦੇ ਫੋਨ ਵੀ ਟੁੱਟ ਗਏ ਅਤੇ ਹੁਣ ਉਨ੍ਹਾਂ ਨੂੰ ਇਕ ਨਵਾਂ ਫੋਨ ਲੈਣਾ ਹੋਵੇਗਾ, ਹਾਲਾਂਕਿ ਇਸਦੇ ਸਹੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।