ਮਾਲੀ ''ਚ ਸੰਯੁਕਤ ਰਾਸ਼ਟਰ ਦੇ 3 ਸ਼ਾਂਤੀਦੂਤਾਂ ਦੀ ਹੱਤਿਆ, ਗੁਤਾਰਸ ਨੇ ਕੀਤੀ ਨਿੰਦਾ
Monday, May 11, 2020 - 09:26 AM (IST)

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰਸ ਨੇ ਮਾਲੀ ਵਿੱਚ ਸੰਯੁਕਤ ਰਾਸ਼ਟਰ ਦੇ ਤਿੰਨ ਸ਼ਾਂਤੀ ਰੱਖਿਅਕਾਂ ਦੀ ਹੱਤਿਆ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਤਾਰਸ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਸ਼ਾਂਤੀ ਦੂਤਾਂ ਉੱਤੇ ਹਮਲਾ ਕੀਤਾ, ਉਹ ਅੰਤਰਰਾਸ਼ਟਰੀ ਕਾਨੂੰਨ ਤਹਿਤ ਯੁੱਧ ਅਪਰਾਧੀ ਹਨ। ਉਸ ਨੇ ਮਾਲੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਹੁਣ ਤੱਕ ਹਮਲਾਵਰਾਂ ਦੀ ਪਛਾਣ ਨਾ ਹੋਣ 'ਤੇ ਚਿੰਤਾ ਜ਼ਾਹਰ ਕੀਤੀ।
ਬਿਆਨ ਮੁਤਾਬਕ ਜਨਰਲ ਸੱਕਤਰ ਨੇ ਕਿਹਾ ਕਿ ਅਜਿਹੇ ਹਮਲੇ ਸੰਯੁਕਤ ਰਾਸ਼ਟਰ ਨੂੰ ਸ਼ਾਂਤੀ ਕਾਇਮ ਰੱਖਣ, ਮਾਲੀ ਦੀ ਜਨਤਾ ਅਤੇ ਸਰਕਾਰ ਦਾ ਸਮਰਥਨ ਜਾਰੀ ਰੱਖਣ ਦੇ ਆਪਣੇ ਸੰਕਲਪ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਇਸ ਹਮਲੇ ਵਿੱਚ ਮਾਰੇ ਗਏ ਸ਼ਾਂਤੀ ਦੂਤਾਂ ਦੇ ਰਿਸ਼ਤੇਦਾਰਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਮਾਲੀ ਵਿਚ ਗਸ਼ਤ ਦੌਰਾਨ ਹੋਏ ਧਮਾਕੇ ਵਿਚ ਤਿੰਨ ਸ਼ਾਂਤੀ ਦੂਤਾਂ ਨੂੰ ਮਾਰ ਦਿੱਤਾ ਗਿਆ। ਇਸ ਹਮਲੇ ਵਿਚ ਚਾਰ ਹੋਰ ਸ਼ਾਂਤੀ ਦੂਤ ਜ਼ਖਮੀ ਹੋਏ ਹਨ।