ਨਿਊਜ਼ੀਲੈਂਡ ਦੇ ਗੁਰੂਘਰਾਂ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਅਪੀਲ, ਕੁਝ ਦਿਨ ਢੱਕ ਕੇ ਰੱਖੋ ''ਕਿਰਪਾਨ'' (ਵੀਡੀਓ)
Friday, Sep 10, 2021 - 05:51 PM (IST)
ਆਕਲੈਂਡ (ਬਿਊਰੋ): ਨਿਊਜ਼ੀਲੈਂਡ ਵਿਚ ਬੀਤੇ ਦਿਨੀਂ ਇਸਲਾਮਿਕ ਸਟੇਟ ਦੇ ਇਕ ਸਮਰਥਕ ਵੱਲੋਂ ਚਾਕੂ ਮਾਰ ਕੇ ਸੱਤ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਘਟਨਾ ਮਗਰੋਂ ਨਿਊਜ਼ੀਲੈਂਡ ਵਿਚ ਰਹਿੰਦਾ ਸਿੱਖ ਭਾਈਚਾਰਾ ਵੀ ਸੁਚੇਤ ਹੋ ਗਿਆ ਹੈ ਜਿਸਦੇ ਤਹਿਤ ਨਿਊਜ਼ੀਲੈਂਡ ਦੇ ਸਾਰੇ ਹੀ ਗੁਰੂਘਰਾਂ ਦੀਆਂ ਕਮੇਟੀਆਂ ਨੇ ਅੰਮ੍ਰਿਤਧਾਰੀ ਸਿੱਖਾਂ ਅਤੇ ਬੀਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਬਾਹਰ ਨਿਕਲਣ ਵੇਲੇ ਕਿਰਪਾਨ ਬਸਤਰਾਂ ਦੇ ਅੰਦਰੋਂ ਦੀ ਪਹਿਨਣ। ਇਹ ਅਪੀਲ ਇਸ ਲਈ ਵੀ ਕੀਤੀ ਗਈ ਹੈ ਕਿ ਜੇਕਰ ਕਿਰਪਾਨ ਨਾਲ ਸਬੰਧਤ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਆਈ ਤਾਂ ‘ਸ੍ਰੀ ਸਾਹਿਬ’ ਨੂੰ ਪਾਰਲੀਮੈਂਟ ਰਾਹੀਂ ਨਿਊਜ਼ੀਲੈਂਡ ਵਿਚ ਕਾਨੂੰਨੀ ਮਾਨਤਾ ਦਿਵਾਉਣ ਵਾਲਾ ਮਾਮਲਾ ਅੱਧ-ਵਿਚਾਲੇ ਲਟਕ ਸਕਦਾ ਹੈ।
ਸਾਰੀਆਂ ਗੁਰਦੁਆਰਾ ਕਮੇਟੀਆਂ ਦੁਆਰਾ ਸਾਂਝੇ ਤੌਰ 'ਤੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਨਿਊਲਿਨ ਮਾਲ ਦੀ ਘਟਨਾ ਤੋਂ ਬਾਅਦ ਪੁਲਸ ਦੀ ਸਖ਼ਤੀ ਵੱਧ ਗਈ ਹੈ ਅਤੇ ਸੁਪਰ-ਮਾਰਕੀਟਾਂ ਵਿਚ ਵੀ ਚੈਕਿੰਗ ਜ਼ਿਆਦਾ ਹੋ ਗਈ ਹੈ। ਇਸ ਦੇ ਇਲਾਵਾ ਸਕਿਓਰਿਟੀ ਸਟਾਫ਼ ਦੇ ਜ਼ਿਆਦਾਤਰ ਮੈਂਬਰਾਂ ਨੂੰ ‘ਸ੍ਰੀ ਸਾਹਿਬ’ ਬਾਰੇ ਗਿਆਨ ਨਹੀਂ ਹੈ, ਜਿਸ ਕਰਕੇ ਉਹ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਸਮੇਤ ਅੰਦਰ ਨਹੀਂ ਜਾਣ ਦੇ ਰਹੇ। ਅਜਿਹੇ ਹਾਲਾਤ ਦੇ ਚੱਲਦਿਆਂ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਹਾਲਾਤ ਸਧਾਰਨ ਨਹੀਂ ਹੋ ਜਾਂਦੇ, ਉਂਦੋਂ ਤੱਕ ਘਰੋਂ ਬਾਹਰ ਨਿਕਲਣ ਵੇਲੇ ਕਿਰਪਾਨ ਕੱਪੜਿਆਂ ਦੇ ਅੰਦਰ ਹੀ ਰੱਖੀ ਜਾਵੇ। ਇਹਨਾਂ ਹਾਲਾਤ ਦੇ ਚੱਲਦੇ ਪੁਲਸ ਨੂੰ ਵੀ ਗੈਰ-ਸਿੱਖ ਭਾਈਚਾਰੇ ਨੂੰ ਜਵਾਬ ਦੇਣਾ ਔਖਾ ਹੋ ਗਿਆ ਹੈ ਇਸ ਲਈ ਇਹ ਸਿੱਖ ਭਾਈਚਾਰੇ ਦੀ ਜ਼ਿੰਮੇਵਾਰੀ ਹੈ ਉਹ ਸਮਝਦਾਰੀ ਵਰਤੇ ਤਾਂ ਜੋ ਕਿਰਪਾਨ ਦਾ ਮੁੱਦਾ ਜਲਦੀ ਹੱਲ ਕਰਵਾਇਆ ਜਾ ਸਕੇ।