''ਕੁਰਾਹੇ ਪਈ ਜਵਾਨੀ ਨੂੰ ਗੁਰਬਾਣੀ ਦੇ ਆਸਰੇ ਹੀ ਬਚਾਇਆ ਜਾ ਸਕਦੈ''

06/09/2019 12:53:33 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਗੁਰਦੁਆਰਾ ਬ੍ਰਿਸਬੇਨ ਸਿੱਖ ਟੈਂਪਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ਗੁਰੂ ਚੇਤਨਾ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਨੇ ਕੀਰਤਨ ਵਖਿਆਨ ਕਰਦੇ ਹੋਏ ਸੰਗਤਾਂ ਦੇ ਨਾਲ ਗੁਰਮਿਤ ਵਿਚਾਰਾਂ ਕੀਤੀਆਂ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਨ੍ਹਾਂ ਤੋਂ ਸਿਵਾਏ ਸਿੱਖਾਂ ਦਾ ਹੋਰ ਕੋਈ ਗੁਰੂ ਨਹੀਂ ਹੈ।
 

PunjabKesari

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਹੋਰ ਕਿਸੇ ਵੀ ਦੇਹਧਾਰੀ ਅੱਗੇ ਸੀਸ ਝੁਕਾਉਣ ਤੋਂ ਵਰਜਿਆ ਹੈ। ਬਾਬਾ ਦਲੇਰ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਨ੍ਹਾਂ ਪਾਖੰਡਾਂ ਵਹਿਮਾਂ-ਭਰਮਾਂ, ਜਾਤ ਪਾਤ, ਅਡੰਬਰਾਂ ਤੇ ਮੂਰਤੀ ਪੂਜਾ ਤੋਂ ਵਰਜਦੇ ਹਨ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ, ਇਸ ਲਈ ਹਰ ਸਿੱਖ ਦਾ ਫਰਜ ਹੈ ਕਿ ਲੋੜਬੰਦ ਨੂੰ ਜਲੀਲ ਨਾ ਕਰੇ। ਉਨ੍ਹਾਂ ਕਿਹਾ ਕਿ ਗੁਰ ਇਤਿਹਾਸ, ਸਿੱਖ ਇਤਿਹਾਸ, ਤੇ ਵਰਤਮਾਨ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸਾਨੂੰ ਆਪਣੀ ਜਿੰਦਗੀ ਜਿਊਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਅਫਸੋਸ ਹੈ ਕਿ ਅੱਜ ਸਾਡੀ ਨੌਜਵਾਨੀ ਪੀੜੀ ਆਪਣੇ ਅਮੀਰ ਇਤਿਹਾਸ ਤੋਂ ਅਣਜਾਣ ਹੋ ਕੇ ਕੁਰਾਹੇ ਪਈ ਹੋਈ ਹੈ। ਕੁਰਾਹੇ ਪਈ ਨੌਜਵਾਨੀ ਨੂੰ ਕੇਵਲ ਗੁਰਬਾਣੀ ਦੇ ਆਸਰੇ ਹੀ ਮੋੜਿਆ ਜਾ ਸਕਦਾ ਹੈ।ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਬਾ ਦਲੇਰ ਸਿੰਘ ਖਾਲਸਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਧਰਮਪਾਲ  ਸਿੰਘ, ਜਸਜੋਤ ਸਿੰਘ, ਅਵਨਿੰਦਰ ਸਿੰਘ ਲਾਲੀ,  ਸੁਖਰਾਜ ਸਿੰਘ, ਜਸਵਿੰਦਰ ਸਿੰਘ ਕਾਹਲੋਂ, ਗੁਰਦੀਪ ਸਿੰਘ ਨਿੱਝਰ, ਪ੍ਰਣਾਮ ਸਿੰਘ ਹੇਅਰ, ਮਨਦੀਪ ਸਿੰਘ, ਕੁਲਦੀਪ ਸਿੰਘ ਪਲਾਹੀ, ਜੁਗਿੰਦਰ ਕਾਹਲੋਂ, ਗੁਰਬੰਤ ਸਿੰਘ, ਨਿਰਮਲ ਸਿੰਘ ਚੀਮਾ, ਪਰਮਵੀਰ ਸਿੰਘ, ਗੁਰਤੇਗ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।


Related News