ਇਟਲੀ : ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਰੋਮ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਗੁਰਪੁਰਬ
Monday, Apr 03, 2023 - 04:26 PM (IST)
ਰੋਮ/ ਇਟਲੀ (ਕੈਂਥ,ਚੀਨੀਆਂ): ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਵਿਲੇਤਰੀ (ਰੋਮ) ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਆਗਮਨ ਪੁਰਬ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸੰਬੰਧੀ ਇਲਾਹੀ ਬਾਣੀ ਸ੍ਰੀ ਆਖੰਡ ਪਾਠ ਸਾਹਿਬ ਭੋਗ ਪਾਏ ਗਏ। ਇਸ ਦੇ ਨਾਲ ਹੀ ਭੋਗ ਤੋ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਬਸਤਰਾਂ ਬਦਲਣ ਦੀ ਸੇਵਾ ਕੀਤੀ ਗਈ। ਇਸ ਮੌਕੇ ਭੋਗ ਉਪਰੰਤ ਗਿਆਨੀ ਮੇਜਰ ਸਿੰਘ ਮਾਨ ਤੇ ਸਾਥੀਆਂ ਵਲੋਂ ਢਾਡੀ, ਵਾਰਾਂ ਰਾਹੀਂ ਗੁਰੂ ਸਾਹਿਬ ਜੀ ਜੀਵਨ ਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਭਾਈਚਾਰੇ ਲਈ ਮਾਣ ਦੀ ਗੱਲ, ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਇਆ ਗਿਆ ਕੇਸਰੀ 'ਨਿਸ਼ਾਨ ਸਾਹਿਬ'
ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਤੇ ਇਲਾਕੇ ਦੇ ਸਮੂਹ ਗੁਰਦੁਆਰਿਆਂ ਸਾਹਿਬਾਨਾ ਦੀਆਂ ਪ੍ਰੰਬਧਕ ਕਮੇਟੀਆਂ ਤੇ ਮੰਦਿਰ ਦੀਆਂ ਕਮੇਟੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਅਤੇ ਗ੍ਰੰਥੀ ਸਿੰਘ ਭਾਈ ਸੁਰਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਸਾਂਝੀਵਾਲਤਾ ਦੇ ਉਪਦੇਸ 'ਤੇ ਪਹਿਰਾ ਦੇਣਾ ਚਾਹੀਦਾ ਹੈ। ਕਿਉਂਕਿ ਅਸੀਂ ਸਾਰੇ ਇੱਕ ਹੀ ਹਾਂ ਤਦ ਹੀ ਅਸਲ ਵਿੱਚ ਅਸੀਂ ਸਾਰੇ ਬੇਗਮਪੁਰਾ ਦੇ ਵਾਸੀ ਬਣ ਸਕਦੇ ਹਾਂ। ਦੂਜੇ ਪਾਸੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸਮਾਗਮ ਵਿੱਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਗੁਰੂ ਘਰ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।