ਇਪਸਾ ਵੱਲੋਂ ਡਾ. ਗੁਰਪ੍ਰੀਤ ਲੇਹਲ ਅਤੇ ਭੁਪਿੰਦਰ ਸਿੰਘ ਮੱਲ੍ਹੀ ਦਾ ਸਨਮਾਨ ਅਤੇ ਵਿਚਾਰ ਗੋਸ਼ਟੀ ਆਯੋਜਿਤ

01/05/2023 12:08:55 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਸਟ੍ਰੇਲੀਆ ਫੇਰੀ ਤੇ ਆਏ ਕੰਪਿਊਟਰ ਮਾਹਰ, ਵਿਦਵਾਨ ਅਤੇ ਕੀ ਬੋਰਡ ਨਿਰਮਾਤਾ ਡਾ. ਗੁਰਪ੍ਰੀਤ ਸਿੰਘ ਲੇਹਲ ਅਤੇ ਕੈਨੇਡੀਅਨ ਸਾਹਿਤ ਅਤੇ ਸਮਾਜ ਸੇਵਕ ਭੁਪਿੰਦਰ ਸਿੰਘ ਮੱਲ੍ਹੀ ਦਾ ਸਨਮਾਨ ਕੀਤਾ ਗਿਆ। 

ਸਮਾਗਮ ਦੀ ਸ਼ੁਰੂਆਤ ਦਲਵੀਰ ਹਲਵਾਰਵੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਸਰਬਜੀਤ ਸੋਹੀ ਨੇ ਦੋਵੇਂ ਮਹਾਨ ਸ਼ਖ਼ਸੀਅਤਾਂ ਦਾ ਤੁਆਰਫ਼ ਕਰਵਾਉਂਦਿਆਂ ਇਪਸਾ ਦੇ ਸੰਖੇਪ ਇਤਿਹਾਸ ਨਾਲ ਸਾਂਝ ਪਵਾਈ। ਇਸ ਉਪਰੰਤ ਕਵੀ ਦਰਬਾਰ ਵਿਚ ਸੁਰਜੀਤ ਸੰਧੂ, ਮੀਤ ਧਾਲੀਵਾਲ, ਜਰਨੈਲ ਬਾਸੀ, ਦਲਵੀਰ ਹਲਵਾਰਵੀ ਅਤੇ ਗੁਰਜਿੰਦਰ ਸੰਧੂ ਨੇ ਖੂਬਸੂਰਤ ਗੀਤਾਂ ਨਾਲ ਹਾਜ਼ਰੀ ਲਵਾਈ। ਰੁਪਿੰਦਰ ਸੋਜ਼ ਨੇ ਹਿੰਦੀ ਗ਼ਜ਼ਲ ਨਾਲ, ਗੀਤਕਾਰ ਨਿਰਮਲ ਦਿਓਲ ਅਤੇ ਹਰਜੀਤ ਕੌਰ ਸੰਧੂ ਨੇ ਕਵਿਤਾ ਨਾਲ ਭਰਵੀਂ ਹਾਜ਼ਰੀ ਲਵਾਈ। ਬਾਲ ਵਕਤਾ ਵਜੋਂ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ ਨੇ ਬਾਲ ਕਵਿਤਾਵਾਂ ਬੋਲ ਕੇ ਸਰੋਤਿਆਂ ਤੋਂ ਵਾਹ-ਵਾਹ ਵਸੂਲ ਕੀਤੀ। ਪੰਜਾਬੀ ਦੇ ਕਹਾਣੀਕਾਰ ਅਤੇ ਪੱਤਰਕਾਰ ਯਸ਼ਪਾਲ ਗੁਲਾਟੀ ਜੀ ਨੇ ਪੱਤਰਕਾਰੀ ਦੇ ਖੇਤਰ ਬਾਰੇ ਲਿਖੀ ਆਪਣੀ ਲਘੂ ਕਹਾਣੀ ਮੰਚ ਤੋਂ ਬੋਲ ਕੇ ਇਸ ਖੇਤਰ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। 

ਪੜ੍ਹੋ ਇਹ ਅਹਿਮ ਖ਼ਬਰ- UK 'ਚ ਬੱਚਿਆਂ ਦੀ 'ਪੜ੍ਹਾਈ' ਨੂੰ ਲੈ ਕੇ PM ਸੁਨਕ ਜਲਦ ਕਰ ਸਕਦੇ ਨੇ ਇਹ ਵੱਡਾ ਐਲਾਨ

ਮਹਿਮਾਨ ਸਮਾਜ ਸੇਵੀ ਭੁਪਿੰਦਰ ਸਿੰਘ ਮੱਲ੍ਹੀ ਨੇ ਪੰਜਾਬੀਅਤ ਦੇ ਸੰਕਲਪ ਬਾਰੇ ਗੱਲ ਕਰਦਿਆਂ ਇਪਸਾ ਦੇ ਕਾਰਜਾਂ ਦੀ ਤਾਰੀਫ਼ ਕੀਤੀ ਅਤੇ ਆਪਣੇ ਵੱਲੋਂ ਅਤੇ ਸੰਸਥਾਵਾਂ ਵੱਲੋਂ ਪੰਜਾਬੀ ਸਾਹਿਤ ਅਤੇ ਸੰਗੀਤ ਦੇ ਪਾਸਾਰ ਲਈ, ਪ੍ਰਕਾਸ਼ਨ ਅਤੇ ਅਨੁਵਾਦ ਕਾਰਜ, ਪੰਜਾਬੀ ਕਾਨਫਰੰਸਾਂ ਅਤੇ ਸੰਗੀਤ ਦੇ ਇਤਿਹਾਸ ਨੂੰ ਲਿਖਣ ਲਈ ਕੀਤੇ ਉਪਰਾਲਿਆਂ ਦਾ ਵੇਰਵਾ ਦਿੱਤਾ। ਡਾ. ਗੁਰਪ੍ਰੀਤ ਸਿੰਘ ਲੇਹਲ ਨੇ ਕੰਪਿਊਟਰ ਦੇ ਖੇਤਰ ਵਿਚ ਕੀਤੇ ਗੁਰਮੁਖੀ ਲਿਪੀ ਦੇ ਲਿਖਣ ਸੰਦਾਂ, ਖੋਜ ਅਤੇ ਸਾਫਟਵੇਅਰ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਬੱਚਿਆਂ ਲਈ ਪੰਜਾਬੀ ਸਿੱਖਣ ਦੀਆਂ ਵੈਬਸਾਈਟਾਂ 'ਤੇ ਵੱਖ-ਵੱਖ ਲਿੰਕਾਂ ਨੂੰ ਪ੍ਰਦਰਸ਼ਿਤ ਕਰਕੇ ਬਹੁਤ ਲਾਹੇਵੰਦ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਸ਼ਮਸ਼ੇਰ ਸਿੰਘ ਚੀਮਾ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ ਅਤੇ ਬਲਵਿੰਦਰ ਕੌਰ ਵਿਰਕ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।


Vandana

Content Editor

Related News