ਇਟਲੀ ''ਚ ਭਾਰਤੀਆਂ ਦੇ ਮਸੀਹਾ ਗੁਰਮੁੱਖ ਸਿੰਘ ਹਜ਼ਾਰਾ ਅਤੇ ਅਮਰਜੀਤ ਸਿੰਘ ਸਨਮਾਨਤ

09/08/2019 11:36:13 AM

ਰੋਮ, (ਕੈਂਥ)— ਦੁਨੀਆ 'ਚ ਬਹੁਤ ਘੱਟ ਅਜਿਹੇ ਇਨਸਾਨ ਹਨ, ਜਿਹੜੇ ਕਿ ਆਪਣਾ ਕੰਮ ਛੱਡ ਦੂਜਿਆਂ ਦੇ ਦੁੱਖ ਨਿਵਾਰਨ ਲਈ ਨਿਸ਼ਕਾਮੀ ਕਾਰਵਾਈ ਵਿੱਚ ਸਦਾ ਮੋਹਰੀ ਹੋਣ ਤੇ ਅਜਿਹੇ ਇਨਸਾਨਾਂ ਨੂੰ ਸਾਡੇ ਸਮਾਜ ਵੱਲੋਂ ਸਨਮਾਨਿਤ ਕਰਨਾ ਵੀ ਇੱਕ ਸ਼ਲਾਘਾਯੋਗ ਕਾਰਵਾਈ ਹੈ। ਅਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ 'ਇੰਡੀਅਨ ਕਮਿਊਨਿਟੀ ਇਨ ਲਾਸੀਓ ਇਟਲੀ' (ਰਜਿ:) ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਜਿਹੜੀ ਕਿ ਲਾਸੀਓ ਸੂਬੇ ਦੇ ਭਾਰਤੀ ਮਜ਼ਦੂਰਾਂ ਦੇ ਹੱਕ ਲਈ ਪਿਛਲੇ 4 ਸਾਲਾਂ ਤੋਂ ਨਿਰੰਤਰ ਲੜਾਈ ਲੜ ਰਹੀ ਹੈ।ਇਨ੍ਹਾਂ ਦੀ ਮਿਹਨਤ ਸਕਦਾ ਹੀ ਪਿਛਲੇ 20-25 ਸਾਲਾਂ ਤੋਂ ਇਟਾਲੀਅਨ ਖੇਤੀ ਮਾਲਕਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਭਾਰਤੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮਿਹਨਤਾਨਾ ਸਮੇਂ ਸਿਰ ਮਿਲਣਾ ਸ਼ੁਰੂ ਹੋਇਆ ਹੈ ।

ਸੰਸਥਾ ਦੀਆਂ ਘਾਲਨਾਵਾਂ ਦੀ ਬਦੌਲਤ ਹੀ ਲਾਤੀਨਾ ਪ੍ਰਸ਼ਾਸ਼ਨ ਨੇ ਇੱਕ ਵਿਸ਼ੇਸ਼ ਬੱਸ ਸੇਵਾ ਤੇਰਾਚੀਨਾ ਤੋਂ ਲਾਤੀਨਾ ਤੱਕ ਖੇਤੀ ਕਾਮਿਆਂ ਦੇ ਆਉਣ -ਜਾਣ ਲਈ ਚਲਾਈ ਹੈ। ਇਸ ਸੰਸਥਾ ਵੱਲੋਂ ਇਟਲੀ ਵਿੱਚ ਬਿਨਾਂ ਪੇਪਰਾਂ ਦੇ ਸੰਤਾਪ ਹੰਢਾਅ ਰਹੇ ਭਾਰਤੀਆਂ ਲਈ ਭਾਰਤੀ ਅੰਬੈਂਸੀ ਰੋਮ ਨੂੰ ਪਾਸਪੋਰਟ ਦੇਣ ਦਾ ਮੁੱਦਾ ਵੀ ਚੁੱਕਿਆ ਗਿਆ, ਜਿਸ 'ਤੇ ਕਾਰਵਾਈ ਚੱਲ ਰਹੀ ਹੈ। ਇਲਾਕੇ ਵਿੱਚ ਜਦੋਂ ਵੀ ਕਿਸੇ ਭਾਰਤੀ ਖੇਤ ਮਜ਼ਦੂਰ ਨਾਲ ਕੋਈ ਇਟਾਲੀਅਨ ਮਾਲਕ ਧੱਕਾ ਕਰਦਾ ਹੈ ਤਾਂ ਇਸ ਸੰਸਥਾ ਦੀ ਸਮੁੱਚੀ ਕਮੇਟੀ ਭਾਰਤੀ ਮਜ਼ਦੂਰਾਂ ਨਾਲ ਸਦਾ ਹੀ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ।

ਇਨ੍ਹਾਂ ਨਿਸ਼ਕਾਮੀ ਸੇਵਾਵਾਂ ਲਈ ਹੀ ਲਾਸੀਓ ਸੂਬੇ ਦੇ ਪ੍ਰਸਿੱਧ ਸ਼੍ਰੀ ਸਨਾਤਨ ਧਰਮ ਮੰਦਰ ਲਵੀਨਿਓ ਆਂਸੀਓ (ਰੋਮ) ਦੀ ਪ੍ਰਬੰਧਕ ਕਮੇਟੀ ਵੱਲੋਂ ਸੰਸਥਾ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਅਤੇ ਸਾਥੀ ਅਮਰਜੀਤ ਸਿੰਘ ਜੋਤੀ ਉੱਪਲ ਦਾ ਮੰਦਰ ਵਿਖੇ ਵਿਸ਼ੇਸ਼ ਮਾਨ-ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸਨਾਤਨ ਧਰਮ ਮੰਦਰ ਕਮੇਟੀ ਲਵੀਨਿਓ ਆਂਸੀਓ ਨੇ ਕਿਹਾ ਉਨ੍ਹਾਂ ਵਲੋਂ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ ਕਿਉਂਕਿ ਵਿਦੇਸ਼ਾਂ ਵਿੱਚ ਆ ਕੇ ਨਿਸ਼ਕਾਮੀ ਸਮਾਜ ਸੇਵਾ ਕਰਨੀ ਬਹੁਤ ਔਖਾ ਹੈ। ਇੱਥੇ ਕਿਸੇ ਕੋਲ ਵੀ ਸਮਾਂ ਨਹੀਂ ਕਿ ਕਿਸੇ ਦੁਖੀ ਇਨਸਾਨ ਦੀ ਕੋਈ ਗੱਲ ਸੁਣ ਕੇ ਉਸ ਦੀ ਸਹਾਇਤਾ ਕਰ ਸਕੇ। ਅਜਿਹੀਆਂ ਸੰਸਥਾਵਾਂ ਇਟਲੀ ਵਿੱਚ ਬਹੁਤ ਘੱਟ ਹਨ । ਸਾਨੂੰ ਸਭ ਭਾਰਤੀਆਂ ਨੂੰ ਬਿਨਾਂ ਕਿਸੇ ਸੁਆਰਥ ਦੇ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ।


Related News