ਪਾਰਮਾ ''ਚ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਇਆ ਗੁਰਮਤਿ ਸਮਾਗਮ

Monday, May 19, 2025 - 09:41 AM (IST)

ਪਾਰਮਾ ''ਚ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਇਆ ਗੁਰਮਤਿ ਸਮਾਗਮ

ਪਾਰਮਾ (ਦਲਵੀਰ ਸਿੰਘ ਕੈਂਥ) : ਸੇਵਾ ਅਤੇ ਸਿਮਰਨ ਦੇ ਪੁੰਜ, ਲੰਗਰ ਅਤੇ ਪੰਗਤ ਦੀ ਮਰਿਆਦਾ ਨੂੰ ਕਾਇਮ ਕਰਨ ਵਾਲੇ ਅਤੇ ਸਮਾਜ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਸੁਧਾਰ (ਜਿਵੇਂ ਕਿ ਸਤੀ ਪ੍ਰਥਾ ਦਾ ਖੰਡਨ, ਪਰਦਾ ਪ੍ਰਥਾ ਦਾ ਖੰਡਨ, ਛੂਤਛਾਤ, ਭੇਦ-ਭਾਵ, ਨਸ਼ਿਆਂ ਦਾ ਖੰਡਨ) ਲਿਆਉਣ ਵਾਲੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਤੀਸਰੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪੂਰੀ ਦੁਨੀਆ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਜਿਹੇ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸਿੰਘ ਸਭਾ, ਪਾਰਮਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

PunjabKesari

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 16 ਮਈ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ ਜਿਹਨਾਂ ਦੀ ਸੇਵਾ ਸਨ ਸੇਕੋਂਦੋ ਦੀਆਂ ਸੰਗਤਾਂ ਵੱਲੋਂ ਕੀਤੀ ਗਈ। 17 ਮਈ ਦਿਨ ਸ਼ਨੀਵਾਰ ਨੂੰ ਸ਼ਾਮ 7.00 ਵਜੇ ਤੋਂ 9.00 ਵਜੇ ਤੱਕ ਢਾਡੀ ਦਰਬਾਰ ਸਜਾਏ ਗਏ। 18 ਮਈ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 9.30 ਵਜੇ ਪਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੁਕਮਨਾਮਾ ਸਾਹਿਬ ਉਪਰੰਤ ਢਾਡੀ ਦਰਬਾਰ ਸਜਾਏ ਗਏ, ਜਿਹਨਾਂ ਵਿੱਚ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਭੇਜ ਸਿੰਘ ਚਵਿੰਡਾ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਬਿਰਤਾਂਤ ਅਤੇ ਦੁਨੀਆ ਦੇ ਕਲਿਆਣ ਲਈ ਉਹਨਾਂ ਦੁਆਰਾ ਕੀਤੇ ਗਏ ਕਾਰਜਾਂ ਨੂੰ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ।

PunjabKesari

ਜ਼ਿਕਰਯੋਗ ਹੈ ਕਿ ਭਾਈ ਚਵਿੰਡਾ ਦੇ ਜੱਥੇ ਦਾ ਪ੍ਰਸੰਗ ਸੁਣਾਉਣ ਦਾ ਇੱਕ ਨਿਵੇਕਲਾ ਅੰਦਾਜ਼ ਹੈ ਜਿਸ ਰਾਹੀਂ ਉਹ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੰਦੇ ਹਨ। ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। ਦੀਵਾਨਾਂ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਸਨ ਸੇਕੋਂਦੋ ਦੀ ਸੰਗਤ ਦਾ ਸਿਰੁਪਾਉ ਦੇ ਕੇ ਸਨਮਾਨ ਕੀਤਾ ਗਿਆ। ਢਾਡੀ ਜੱਥੇ ਨੂੰ ਵੀ ਸਿਰੁਪਾਉ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News