ਸੰਗਤ ਵੱਲੋਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਸ਼ਹਿਰ ਦੀ ਪੁਰਾਣੀ ਇਮਾਰਤ 'ਚ ਮੁੜ ਸਥਾਪਿਤ

Monday, Nov 07, 2022 - 01:42 AM (IST)

ਰੋਮ (ਕੈਂਥ) : ਸਿੱਖ ਧਰਮ ਦੇ ਪਿਤਾਮਾ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ 553ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਸਿੱਖ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗਾਂ ਭਰੇ ਦਿਨ ਮੌਕੇ ਇਟਲੀ ਦੇ ਲਾਸੀ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਵਿਖੇ ਇਲਾਕੇ ਦੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਦੀ ਪਹਿਲਾਂ ਵਾਲੀ ਇਮਾਰਤ ਵਿੱਚ ਮੁੜ ਸਥਾਪਨਾ ਕਰ ਦਿੱਤੀ ਹੈ ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ ਲਈ ਸੰਗਤ ਵੱਲੋਂ ਖਰੀਦੀ ਗਈ ਮੁੱਲ ਦੀ ਇਮਾਰਤ ਇਕ ਵਿਅਕਤੀ ਦੇ ਨਾਂ ਹੋਣ ਕਾਰਨ ਕਾਫ਼ੀ ਵਿਵਾਦ ਛਿੜ ਪਿਆ ਸੀ, ਜਿਸ ਦੇ ਮੱਦੇਨਜ਼ਰ ਸੰਗਤ ਵੱਲੋਂ ਹੁਣ ਦੁਬਾਰਾ ਇਹ ਫੈਸਲਾ ਲੈਂਦਿਆਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਪੁਰਾਣੀ ਇਮਾਰਤ ਵਿੱਚ ਸਥਾਪਨਾ ਕਰਦਿਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ, ਜਿੱਥੇ ਕਿ ਸੰਗਤਾਂ ਦਾ ਵੱਡਾ ਹਜੂਮ ਨਤਮਸਤਕ ਹੋਇਆ।

ਇਹ ਵੀ ਪੜ੍ਹੋ : ਪਾਕਿਸਤਾਨ: ਸ੍ਰੀ ਨਨਕਾਣਾ ਸਾਹਿਬ ਗਿਆ ਸਿੱਖ ਜਥਾ ਭੁੱਖ ਨਾਲ ਬੇਹਾਲ, ਸੜਕ 'ਤੇ ਬਿਤਾਈ ਰਾਤ

PunjabKesari

ਇਸ ਮੌਕੇ ਆਰੰਭੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਗਿਆਨੀ ਸੁਖਵੰਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੇ ਕੀਰਤਨੀ ਜਥੇ ਵੱਲੋਂ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਇਲਾਹੀ ਬਾਣੀ ਸਰਵਣ ਕਰਵਾਈ ਗਈ। ਇਸ ਮੌਕੇ ਭਾਈ ਜਗਜੀਤ ਸਿੰਘ ਮੱਲ੍ਹੀ ਪ੍ਰਧਾਨ, ਸੁਰਿੰਦਰ ਸਿੰਘ ਉਪ ਪ੍ਰਧਾਨ, ਗੁਰਦੀਪ ਸਿੰਘ ਵਿੱਤ ਸਕੱਤਰ, ਜਸਵੰਤ ਸਿੰਘ ਸਹਾਇਕ ਵਿੱਤ ਸਕੱਤਰ, ਕਰਮਜੀਤ ਸਿੰਘ ਨਾਗਰੀ ਸੈਕਟਰੀ, ਗੁਰਤੇਜ ਸਿੰਘ, ਕਰਮਜੀਤ ਸਿੰਘ ਤੇ ਜਗਜੀਤ ਸਿੰਘ ਮੈਂਬਰ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਸਮਰਪਿਤ ਹੈ ਤੇ ਸਦਾ ਹੀ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ। ਉਹ ਸਤਿਗੁਰੂ ਨਾਨਕ ਦੇਵ ਜੀ ਦਾ 553ਵਾਂ ਆਗਮਨ ਪੁਰਬ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮਧਾਮ ਨਾਲ ਮਨਾ ਰਹੇ ਹਨ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਥਾਪਨਾ ਸਮਾਰੋਹ ਮੌਕੇ ਸੂਬੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ 'ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ, ਗੁਰਦੁਆਰਾ ਸਿੰਘ ਸਭਾ ਸੰਨਵੀਤੋ, ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ, ਗੁਰਦੁਆਰਾ ਸਿੰਘ ਸਭਾ ਅਪਰੀਲੀਆ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰ ਸ਼ਾਮਲ ਸਨ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਲਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਐਡਵੋਕੇਟ ਧਾਮੀ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News