ਪਾਕਿ 'ਚ ਗੁਰਦੀਪ ਸਿੰਘ ਨੇ ਰਚਿਆ ਇਤਿਹਾਸ, ਸਾਂਸਦ ਦੇ ਤੌਰ ’ਤੇ ਸਹੁੰ ਚੁੱਕਣ ਵਾਲੇ ਪਹਿਲੇ ਸਿੱਖ ਨੇਤਾ ਬਣੇ
Saturday, Mar 13, 2021 - 09:56 AM (IST)
ਇਸਲਾਮਾਬਾਦ (ਭਾਸ਼ਾ): ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਨੇਤਾ ਗੁਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਸਾਂਸਦ ਦੇ ਤੌਰ ’ਤੇ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਪਾਕਿਸਤਾਨੀ ਸੰਸਦ ਦੇ ਉਚ ਸਦਨ ਵਿਚ ਸ਼ਾਮਲ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ। ਸਿੰਘ ਨੇ ਪਾਕਿਸਤਾਨੀ ਸੰਸਦ ਦੇ ਉਚ ਸਦਨ ਲਈ ਹੋਈਆਂ ਚੋਣਾਂ ਵਿਚ ਘੱਟ ਗਿਣਤੀ ਸੀਟ ਖੈਬਰ ਪਖਤੂਨਖਵਾ ’ਤੇ ਵੱਡੇ ਅੰਤਰ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਮਾਤ ਦਿੱਤੀ ਸੀ। ਸਿੰਘ ਨੂੰ ਸਦਨ ਵਿਚ 145 ਵਿਚੋਂ 103 ਵੋਟਾਂ ਮਿਲੀਆਂ ਸਨ, ਜਦੋਂਕਿ ਜਮੀਅਤ ਉਲੇਮਾ-ਏ-ਇਸਲਾਮ (ਫਜਲੁਰ) ਦੇ ਉਮੀਦਵਾਰ ਰਣਜੀਤ ਸਿਘ ਨੂੰ ਸਿਰਫ਼ 25 ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਰ ਭੱਟੀ ਨੂੰ 12 ਵੋਟਾਂ ਮਿਲੀਆਂ ਸਨ। ਸਿੰਘ ਦੇ ਇਲਾਵਾ 47 ਹੋਰ ਸਾਂਸਦਾਂ ਨੇ ਵੀ ਸ਼ੁੱਕਰਵਾਰ ਨੂੰ ਸਹੁੰ ਚੁੱਕੀ।
ਸਿੰਘ ਦਾ ਨਾਤਾ ਸਵਾਤ ਜ਼ਿਲ੍ਹੇ ਨਾਲ ਹੈ ਅਤੇ ਉਹ ਪਾਕਿਸਤਾਨੀ ਸੰਸਦ ਦੇ ਉਚ ਸਦਨ ਵਿਚ ਸ਼ਾਮਲ ਪਹਿਲ ਦਸਤਾਰਧਾਰੀ ਸਿੱਖ ਬਣ ਗਏ ਹਨ। ਸਹੁੰ ਚੁੱਕਣ ਦੇ ਬਾਅਦ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਦੇਸ਼ ਵਿਚ ਘੱਟ-ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਉਨ੍ਹਾਂ ਨੂੰ ਭਰੋਸਾ ਹੈ ਕਿ ਸੀਨੇਟਰ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੀ ਸੇਵਾ ਬਿਹਤਰ ਤਰੀਕੇ ਨਾਲ ਕਰਨ ਦਾ ਮੌਕਾ ਮਿਲੇਗਾ।